ਜਲੰਧਰ . ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਅਤੇ ਖ਼ਾਸ ਕਰਕੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਵੱਧ ਤੋਂ ਵੱਧ ਸਖ਼ਤੀ ਵਰਤੀ ਜਾਵੇ ਅਤੇ ਜੋ ਲੋਕ ਸੂਬਾ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਨੂੰ ਰੋਕਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰਦੇ ਹਨ ਉਨਾ ਖਿਲਾਫ਼ ਸ਼ਖਤ ਤੋਂ ਸ਼ਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਲਾਈਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਵਿੱਚ ਨਿਯਮਾਂ ਦੀ ਉਲੰਘਣਾ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਕਿਹਾ ਕਿ ਇਨ੍ਹਾਂ ਜ਼ੋਨਾਂ ਵਿੱਚ ਕਿਸੇ ਵੀ ਵਿਅਕਤੀ ਅਤੇ ਵਾਹਨ ਨੂੰ ਨਾ ਆਉਣ-ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿੱਚ ਹੋਈ ਅਣਗਹਿਲੀ ਲਈ ਉਸ ਖੇਤਰ ਦਾ ਪੁਲਿਸ ਅਫ਼ਸਰ ਜਵਾਬਦੇਹ ਹੋਵੇਗਾ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਦ੍ਰਿਸ਼ ਦੁਸ਼ਮਣ ਖਿਲਾਫ਼ ਜੰਗ ਲੜ ਰਿਹਾ ਹੈ ਅਤੇ ਪੁਲਿਸ ਅਫ਼ਸਰਾਂ ਵਲੋਂ ਪਹਿਲਾਂ ਹੀ ਬਹੁਤ ਸਖ਼ਤ ਡਿਊਟੀ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਚੁਣੌਤੀ ਪੂਰਨ ਹਲਾਤਾਂ ਵਿੱਚ ਪੂਰੀ ਮਿਹਨਤ ਤੇ ਉਤਸ਼ਾਹ ਨਾਲ ਡਿਊਟੀ ਨਿਭਾਈ ਜਾ ਰਹੀ ਹੈ।
ਉਨ੍ਹਾਂ ਅਫ਼ਸਰਾਂ ਨੂੰ ਅਗੇ ਕਿਹਾ ਕਿ ਉਹ ਕੋਵਿਡ-19 ਖਿਲਾਫ਼ ਜੰਗ ਦੌਰਾਨ ਅਪਣੀ ਡਿਊਟੀ ਨੂੰ ਲਗਾਤਾਰ ਜਾਰੀ ਰੱਖਣ ਕਿਉਂਕਿ ਇਹ ਮਹਾਂਮਾਰੀ ਪੂਰੇ ਵਿਸ਼ਵ ਲਈ ਵੱਡਾ ਖ਼ਤਰਾ ਬਣੀ ਹੋਈ ਹੈ।
ਪੁਲਿਸ ਕਮਿਸ਼ਨਰ ਨੇ ਕਿਹ ਕਿ ਸਬਜ਼ੀ ਅਤੇ ਦੁੱਧ ਵਿਕਰੇਤਾਵਾਂ ਨੂੰ ਕੰਟੇਨਮੈਂਟ ਖੇਤਰਾਂ ਵਿੱਚ ਜਾਣ ਲਈ ਨਿੱਜੀ ਸੁਰੱਖਿਆ ਉਪਰਕਰਣ ਕਿੱਟਾਂ (ਪੀ.ਪੀ.ਈ) ਕਿੱਟਾਂ ਦੇ ਨਾਲ ਮਾਸਕ ਅਤੇ ਦਸਤਾਨੇ ਘਰ-ਘਰ ਜਰੂਰੀ ਵਸਤਾਂ ਪਹੁੰਚਾਉਣ ਲਈ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਡੀਕਲ ਟੀਮਾਂ ਵਲੋਂ ਪਹਿਲਾਂ ਹੀ ਸ਼ਹਿਰ ਦੇ ਕੰਟੇਨਮੈਂਟ ਜ਼ੋਨਾਂ ਵਿੱਚ ਘਰ-ਘਰ ਜਾ ਕੇ ਟੈਸਟ ਲਏ ਜਾ ਰਹੇ ਹਨ।
ਉਨ੍ਹਾਂ ਕਿਹ ਕਿ ਜੇਕਰ ਕੋਈ ਵਿਕਰੇਤਾ ਇਨਾਂ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਅਤੇ ਨਾ ਹੀ ਇਹ ਚੀਜਾਂ ਪਾਵੇਗਾ ਤਾਂ ਉਸ ਦੀ ਵਾਹਨ/ਰੇਹੜੀ ਨੂੰ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਵਿੱਚ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਸਮੇਂ ਦੀ ਲੋੜ ਹੈ।