ਨੈਸ਼ਨਲ ਡੈਸਕ, 14 ਦਸੰਬਰ | ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੂਹਿਕ ਦੇਸ਼ ਨਿਕਾਲੇ ਦੀ ਯੋਜਨਾ ਨੂੰ ਲੈ ਕੇ ਇੱਕ ਨਵੀਂ ਧਮਕੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਉਸ ਦੇਸ਼ ਨਾਲ ਵਪਾਰ ਨਹੀਂ ਕਰੇਗਾ, ਜੋ ਆਪਣੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਨਹੀਂ ਲਵੇਗਾ। ਟਰੰਪ ਨੇ ਟਾਈਮ ਮੈਗਜ਼ੀਨ ਦੇ ‘ਪਰਸਨ ਆਫ ਦਿ ਈਅਰ’ ਇੰਟਰਵਿਊ ‘ਚ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ‘ਚ ਵਾਪਿਸ ਲੈ ਜਾਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ‘ਤੇ ਭਾਰੀ ਫੀਸਾਂ ਲਗਾਈਆਂ ਜਾਣਗੀਆਂ।ਟਰੰਪ ਨੇ ਕਿਹਾ ਕਿ ਉਹ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਫੌਜ ਦੀ ਮਦਦ ਵੀ ਲੈਣਗੇ।
ਟਰੰਪ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀ ਦੇਸ਼ ‘ਤੇ ਹਮਲਾ ਹੈ। ਉਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈਣ ਲਈ ਨਵੇਂ ਨਜ਼ਰਬੰਦੀ ਕੇਂਦਰ ਬਣਾਉਣ ਦਾ ਸੰਕੇਤ ਦਿੱਤਾ। ਹਾਲਾਂਕਿ ਉਸ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਲੋਕ ਅਗਲੇ 20 ਸਾਲਾਂ ਤੱਕ ਇਨ੍ਹਾਂ ਕੈਂਪਾਂ ਵਿਚ ਰਹਿਣ। ਮੈਂ ਉਨ੍ਹਾਂ ਨੂੰ ਬਾਹਰ ਕਰਨਾ ਚਾਹੁੰਦਾ ਹਾਂ।
ਡਿਪੋਰਟ ਕੀਤੇ ਜਾਣ ਵਾਲਿਆਂ ਦੀ ਪਹਿਲੀ ਸੂਚੀ ‘ਚ 18 ਹਜ਼ਾਰ ਭਾਰਤੀ
ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਨੇ 1.45 ਮਿਲੀਅਨ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਜਾਣਾ ਹੈ। ਇਨ੍ਹਾਂ ਵਿਚੋਂ 18 ਹਜ਼ਾਰ ਦੇ ਕਰੀਬ ਭਾਰਤੀ ਹਨ। ਆਈਸੀਈ ਦੇ ਅਨੁਸਾਰ ਅਮਰੀਕਾ ਵਿਚ ਇਸ ਸਮੇਂ 17,940 ਭਾਰਤੀ ਹਨ, ਜਿਨ੍ਹਾਂ ਦੇ ਖਿਲਾਫ ਅੰਤਿਮ ਦੇਸ਼ ਨਿਕਾਲੇ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਪਿਛਲੇ ਤਿੰਨ ਸਾਲਾਂ ਵਿਚ ਲਗਭਗ 90,000 ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚ ਪੰਜਾਬ, ਗੁਜਰਾਤ ਅਤੇ ਆਂਧਰਾ ਦੇ ਲੋਕ ਜ਼ਿਆਦਾ ਹਨ।