ਕੋਰੋਨਾ ਵੈਕਸੀਨ ਨਾ ਲੱਗੀ ਹੋਣ ਕਰਕੇ ਡਾਕਟਰਾਂ ਨੇ ਨਹੀਂ ਕਰਵਾਈ ਡਲਿਵਰੀ, ਮਹਿਲਾ ਨੇ ਹਸਪਤਾਲ ਦੇ ਬਾਹਰ ਦਿੱਤਾ ਬੱਚੇ ਨੂੰ ਜਨਮ

0
2062

ਖੰਨਾ/ਲੁਧਿਆਣਾ | ਖੰਨਾ ‘ਚ ਉਦੋਂ ਸਿਹਤ ਸਹੂਲਤਾਂ ਦੀ ਬਦਤਰ ਹਾਲਤ ਦੇਖਣ ਨੂੰ ਮਿਲੀ, ਜਦੋਂ ਇਥੇ ਇਕ ਗਰਭਵਤੀ ਔਰਤ ਸਿਵਲ ਹਸਪਤਾਲ ‘ਚ ਡਲਿਵਰੀ ਲਈ ਆਈ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਔਰਤ ਨੂੰ ਕੋਵਿਡ ਵੈਕਸੀਨ ਨਾ ਲੱਗੀ ਹੋਣਾ ਦੱਸਿਆ ਗਿਆ ਹੈ।

ਔਰਤ ਨੂੰ ਪਰਿਵਾਰਕ ਮੈਂਬਰ ਹਸਪਤਾਲ ਤੋਂ ਬਾਹਰ ਲੈ ਗਏ, ਜਿਥੇ ਉਸ ਦੀ ਡਲਿਵਰੀ ਹੋਈ। ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ‘ਚ ਰੋਸ ਪਾਇਆ ਜਾ ਰਿਹਾ ਹੈ।

ਮੀਰਾ ਨਾਂ ਦੀ ਔਰਤ ਆਪਣੇ ਪਰਿਵਾਰ ਨਾਲ ਮਿਲਟਰੀ ਗਰਾਊਂਡ ‘ਚ ਝੁੱਗੀਆਂ ‘ਚ ਰਹਿੰਦੀ ਹੈ। ਉਸ ਦੇ ਪਤੀ ਕਿਸ਼ਨ ਨੇ ਦੱਸਿਆ ਕਿ ਮੀਰਾ ਨੂੰ ਸਵੇਰੇ ਜਣੇਪਾ ਪੀੜਾ ਹੋਈ ਤਾਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਆਏ, ਜਿਥੇ ਡਾਕਟਰਾਂ ਨੇ ਇਲਾਜ ਕਰਨ ਨੂੰ ਮਨ੍ਹਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਪਤਨੀ ਮੀਰਾ ਨੂੰ ਕੋਵਿਡ ਵੈਕਸੀਨ ਦੀ ਡੋਜ਼ ਨਹੀਂ ਲੱਗੀ ਹੋਈ। ਕਾਫੀ ਮਿੰਨਤਾਂ ਕਰਨ ‘ਤੇ ਵੀ ਡਾਕਟਰਾਂ ‘ਤੇ ਕੋਈ ਅਸਰ ਨਾ ਹੋਇਆ। ਅਖੀਰ ਉਹ ਉਸ ਨੂੰ ਕਿਸੇ ਹੋਰ ਹਸਪਤਾਲ ‘ਚ ਲਿਜਾਣ ਲਈ ਬਾਹਰ ਆ ਗਏ। ਜਣੇਪਾ ਪੀੜਾ ਤੇਜ਼ ਹੋਈ ਤਾਂ ਮੀਰਾ ਨੇ ਹਸਪਤਾਲ ਦੇ ਬਾਹਰ ਹੀ ਬੇਟੇ ਨੂੰ ਜਨਮ ਦੇ ਦਿੱਤਾ। ਹਾਲਾਂਕਿ ਜੱਚਾ-ਬੱਚਾ ਸਿਹਤਮੰਦ ਹਨ।

ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਐੱਸਐੱਮਓ

ਖੰਨਾ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤਪਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਹ ਖੁਦ ਇਸ ਬਾਰੇ ਪਤਾ ਕਰ ਰਹੇ ਹਨ, ਜੋ ਵੀ ਕਸੂਰਵਾਰ ਹੋਵੇਗਾ, ਉਸ ਖਿਲਾਫ਼ ਕਾਰਵਾਈ ਹੋਵੇਗੀ।