ਪਟਿਆਲਾ, 25 ਦਸੰਬਰ | ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੰਜਾਬ-ਹਰਿਆਣਾ ਸਰਹੱਦ ‘ਤੇ ਲਾਇਆ ਗਿਆ ਮਰਨ ਵਰਤ ਅੱਜ (ਬੁੱਧਵਾਰ) 30ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਭਾਰ ਕਾਫ਼ੀ ਘੱਟ ਗਿਆ ਹੈ। ਕੱਲ ਉਸ ਦਾ ਸਰੀਰ ਠੰਡਾ ਹੋ ਗਿਆ ਸੀ। ਦੂਜੇ ਪਾਸੇ ਅੱਜ ਰਾਜਿੰਦਰਾ ਹਸਪਤਾਲ ਤੋਂ ਉਸ ਦੀ ਜਾਂਚ ਕਰਨ ਲਈ ਆ ਰਹੇ ਡਾਕਟਰਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਇਹ ਹਾਦਸਾ ਪਤਾਰਾ ਨੇੜੇ ਵਾਪਰਿਆ। ਡਾਕਟਰਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਸਾਰਿਆਂ ਨੂੰ ਬਚਾ ਲਿਆ ਗਿਆ ਹੈ। ਦੂਜੇ ਪਾਸੇ ਕਾਂਗਰਸ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਹੈ। ਜਦਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੀ ਦੁਪਹਿਰ 2 ਵਜੇ ਉਨ੍ਹਾਂ ਨੂੰ ਮਿਲਣ ਲਈ ਪਹੁੰਚ ਰਹੇ ਹਨ।