ਡਾਕਟਰ ਨੇ ਡਿਪ੍ਰੈਸ਼ਨ ‘ਚ ਹਥੌੜੇ ਨਾਲ ਪਤਨੀ ਦਾ ਗਲ਼ਾ ਘੁੱਟ ਕੇ ਕੀਤਾ ਬੱਚਿਆਂ ਦਾ ਕਤਲ, ਡਾਇਰੀ ‘ਚ ਲਿਖਿਆ- “ਇਹ ਓਮੀਕਰੋਨ ਸਾਰਿਆਂ ਨੂੰ ਮਾਰ ਦੇਵੇਗਾ”

0
1164

ਕਾਨਪੁਰ |  ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਇਕ ਫਲੈਟ ‘ਚ ਤੀਹਰੇ ਕਤਲ ਨੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਮੁਤਾਬਕ ਕਲਿਆਣਪੁਰ ਦੇ ਰਹਿਣ ਵਾਲੇ ਇਕ ਡਾਕਟਰ ਨੇ ਸ਼ੁੱਕਰਵਾਰ ਸ਼ਾਮ ਨੂੰ ਹਥੌੜੇ ਨਾਲ ਆਪਣੀ ਪਤਨੀ ਦਾ ਗਲ਼ਾ ਘੁੱਟਣ ਤੋਂ ਬਾਅਦ ਬੇਟੇ ਤੇ ਬੇਟੀ ਦਾ ਕਤਲ ਕਰ ਦਿੱਤਾ।

ਇਸ ਤੋਂ ਬਾਅਦ ਆਪਣੇ ਭਰਾ ਨੂੰ ਮੈਸੇਜ ਕਰਕੇ ਪੁਲਿਸ ਨੂੰ ਬੁਲਾਉਣ ਲਈ ਕਿਹਾ। ਭਰਾ ਦੇ ਪਹੁੰਚਣ ਤੋਂ ਪਹਿਲਾਂ ਹੀ ਆਰੋਪੀ ਡਾਕਟਰ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਿਸ ਨੂੰ ਘਟਨਾ ਸਥਾਨ ਤੋਂ ਇਕ ਡਾਇਰੀ ਮਿਲੀ ਹੈ, ਜਿਸ ਵਿੱਚ ਡਾਕਟਰ ਨੇ ਕਤਲ ਦਾ ਕਾਰਨ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਨੂੰ ਦੱਸਿਆ ਹੈ।

ਕਾਨਪੁਰ ਦੇ ਰਾਮਾ ਮੈਡੀਕਲ ਕਾਲਜ ‘ਚ ਤਾਇਨਾਤ ਸੁਸ਼ੀਲ ਸਿੰਘ ਆਪਣੀ ਪਤਨੀ ਚੰਦਰਪ੍ਰਭਾ, ਬੇਟੇ ਸ਼ਿਖਰ ਤੇ ਬੇਟੀ ਖੁਸ਼ੀ ਨਾਲ ਡਿਵਨਿਟੀ ਹੋਮ ਅਪਾਰਟਮੈਂਟ ਦੀ 5ਵੀਂ ਮੰਜ਼ਿਲ ‘ਤੇ ਸਥਿਤ ਫਲੈਟ ਨੰਬਰ 501 ‘ਚ ਰਹਿੰਦਾ ਸੀ।

ਡਾਕਟਰ ਦੀ ਪਤਨੀ ਚੰਦਰਪ੍ਰਭਾ ਸ਼ਿਵਰਾਜਪੁਰ ਜੂਨੀਅਰ ਹਾਈ ਸਕੂਲ ਵਿੱਚ ਅਧਿਆਪਕਾ ਸੀ। ਬੇਟਾ ਸ਼ਿਖਰ CLAT ਦੀ ਤਿਆਰੀ ਕਰ ਰਿਹਾ ਸੀ। ਬੇਟੀ ਖੁਸ਼ੀ ਵੁੱਡਵਾਈਨ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਸੀ।

ਸ਼ੁੱਕਰਵਾਰ ਸ਼ਾਮ ਕਰੀਬ 5.32 ਵਜੇ ਡਾ. ਸੁਸ਼ੀਲ ਨੇ ਆਪਣੇ ਛੋਟੇ ਭਰਾ ਸੁਨੀਲ ਸਿੰਘ ਨੂੰ ਵਟਸਐਪ ਮੈਸੇਜ ਭੇਜਿਆ, ਜਿਸ ਵਿੱਚ ਲਿਖਿਆ ਹੈ ਕਿ ਭਰਾ ਪੁਲਿਸ ਨੂੰ ਦੱਸੋ ਕਿ ਮੈਂ ਚੰਦਰਪ੍ਰਭਾ, ਸ਼ਿਖਰ ਤੇ ਖੁਸ਼ੀ ਨੂੰ ਡਿਪ੍ਰੈਸ਼ਨ ਵਿੱਚ ਮਾਰ ਦਿੱਤਾ ਹੈ।

ਮੌਕੇ ਤੋਂ ਮਿਲੀ ਡਾਇਰੀ

ਸੁਨੀਲ ਸਿੰਘ ਮੈਸੇਜ ਪੜ੍ਹ ਕੇ ਕਾਹਲੀ ਨਾਲ ਆਪਣੇ ਡਾਕਟਰ ਭਰਾ ਦੇ ਫਲੈਟ ‘ਤੇ ਪਹੁੰਚ ਗਿਆ। ਫਲੈਟ ਨੂੰ ਸੈਂਟਰ ਤਾਲਾ ਲੱਗਾ ਹੋਇਆ ਸੀ। ਜਦੋਂ ਗਾਰਡ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਸਾਰੇ ਡਰ ਗਏ।

ਡਾਕਟਰ ਦੀ ਪਤਨੀ ਤੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਫਰਸ਼ ‘ਤੇ ਪਈਆਂ ਸਨ। ਸੁਨੀਲ ਨੇ ਪੁਲਸ ਨੂੰ ਸੂਚਨਾ ਦਿੱਤੀ। ਕਾਨਪੁਰ ਦੇ ਪੁਲਿਸ ਕਮਿਸ਼ਨਰ ਅਸੀਮ ਅਰੁਣ ਤੇ ਐਡੀਸ਼ਨਲ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾੜੀ ਫੋਰਸ ਸਮੇਤ ਮੌਕੇ ‘ਤੇ ਪਹੁੰਚੇ।

ਕੀ ਲਿਖਿਆ ਹੈ ਡਾਇਰੀ ‘ਚ?

ਕਮਰੇ ‘ਚੋਂ ਮਿਲੀ ਡਾਇਰੀ ਵਿੱਚ ਲਿਖਿਆ ਹੈ, “ਕੋਵਿਡ ਨਹੀਂ, ਇਹ ਓਮੀਕਰੋਨ ਹੁਣ ਸਾਰਿਆਂ ਨੂੰ ਮਾਰ ਦੇਵੇਗਾ। ਹੁਣ ਹੋਰ ਲਾਸ਼ਾਂ ਨਹੀਂ ਗਿਣਨੀਆਂ। ਮੇਰੀ ਲਾਪ੍ਰਵਾਹੀ ਕਾਰਨ ਮੈਂ ਕਰੀਅਰ ਦੇ ਅਜਿਹੇ ਮੋੜ ‘ਤੇ ਫਸ ਗਿਆ ਹਾਂ ਜਿੱਥੋਂ ਬਾਹਰ ਨਿਕਲਣਾ ਅਸੰਭਵ ਹੈ। ਮੇਰਾ ਕੋਈ ਭਵਿੱਖ ਨਹੀਂ ਹੈ। ਇਸ ਲਈ ਮੈਂ ਆਪਣੇ ਪਰਿਵਾਰ ਨੂੰ ਖਤਮ ਕਰਕੇ ਖੁਦ ਨੂੰ ਖਤਮ ਕਰ ਰਿਹਾ ਹਾਂ। ਇਸ ਦਾ ਜ਼ਿੰਮੇਵਾਰ ਹੋਰ ਕੋਈ ਨਹੀਂ ਹੈ।”

ਡਾਇਰੀ ‘ਚ ਅੱਗੇ ਲਿਖਿਆ ਹੈ, “ਮੈਂ ਇਕ ਲਾਇਲਾਜ ਬਿਮਾਰੀ ਤੋਂ ਪੀੜਤ ਹਾਂ। ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਵਿਕਲਪ ਨਹੀਂ ਹੈ। ਮੈਂ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਨਹੀਂ ਛੱਡ ਸਕਦਾ। ਸਾਰਿਆਂ ਨੂੰ ਮੁਕਤ ਕਰ ਰਿਹਾ ਹਾਂ।

ਮੈਂ ਆਪਣੇ ਪਿੱਛੇ ਕਿਸੇ ਨੂੰ ਮੁਸੀਬਤ ਵਿੱਚ ਨਹੀਂ ਦੇਖ ਸਕਦਾ। ਮੇਰੀ ਆਤਮਾ ਮੈਨੂੰ ਕਦੇ ਮੁਆਫ ਨਹੀਂ ਕਰੇਗੀ। ਅੱਖਾਂ ਦੀ ਲਾਇਲਾਜ ਬਿਮਾਰੀ ਕਾਰਨ ਮੈਨੂੰ ਅਜਿਹਾ ਕਦਮ ਚੁੱਕਣਾ ਪਿਆ ਹੈ, ਪੜ੍ਹਾਉਣਾ ਮੇਰਾ ਕਿੱਤਾ ਹੈ, ਜਦੋਂ ਮੇਰੀਆਂ ਅੱਖਾਂ ਹੀ ਨਹੀਂ ਰਹਿਣਗਾਂ ਤਾਂ ਮੈਂ ਕੀ ਕਰਾਂਗਾ?”

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ