ਉਤਰ ਪ੍ਰਦੇਸ਼, 9 ਦਸੰਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਯੂਪੀ ਦੇ ਸੀਤਾਪੁਰ ਵਿਚ ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਹੋ ਕੇ 55 ਸਾਲ ਦੇ ਵਿਅਕਤੀ ਨੇ 2 ਸਾਲ ਦੇ ਮਾਸੂਮ ਤੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਕਮਲਕਾਂਤ ਵਜੋਂ ਹੋਈ ਹੈ।
ਘਟਨਾ ਥਾਣਾ ਖੇਤਰ ਦੇ ਮੁੜੀਆ ਕਲਾਂ ਪਿੰਡ ਦੇ ਇਕ ਘਰ ਵਿਚ ਹੋਈ। ਮੁਲਜ਼ਮ ਕਮਲਕਾਂਤ ਨੇ ਆਪਣੇ ਪੋਤੇ ਆਯੂਸ਼ ਤੇ ਨੂੰਹ ਸ਼ਿਖਾ 27 ਸਾਲ ਦਾ ਕਤਲ ਕਰ ਦਿੱਤਾ। ਐੱਸਪੀ ਚਕ੍ਰੇਸ਼ ਮਿਸ਼ਰਾ ਨੇ ਦੱਸਿਆ ਕਿ ਕਮਲਕਾਂਤ ਨੇ ਆਯੂਸ਼ ਤੇ ਸ਼ਿਖਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮੁਲਜ਼ਮ ਨੇ ਵਾਰਦਾਤ ਨੂੰ ਸਿਰਫ ਇਸ ਲਈ ਅੰਜਾਮ ਦਿੱਤਾ ਕਿਉਂਕਿ ਦਾਦਾ ਆਪਣੇ ਪੋਤੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਸੀ ਤੇ ਜਦੋਂ ਲੜਕੇ ਦੀ ਮਾਂ ਨੇ ਦਖਲਅੰਦਾਜ਼ੀ ਕੀਤੀ ਤਾਂ ਮੁਲਜ਼ਮ ਕਮਲਕਾਂਤ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਪੋਤੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਬਾਅਦ ਵਿਚ ਉਸ ਨੇ ਦਮ ਤੋੜ ਦਿੱਤਾ।
ਮੁਲਜ਼ਮ ਨੂੰ ਤੇਜ਼ਧਾਰ ਹਥਿਆਰ ਨਾਲ ਘਰ ਤੋਂ ਗ੍ਰਿਫਤਾਰ ਕਰ ਲਿਆ ਹੈ। ਆਯੂਸ਼ ਦੀ ਦਾਦੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਘਰ ‘ਤੇ ਨਹੀਂ ਸੀ। ਘਰ ਪਰਤਣ ਤੋਂ ਬਾਅਦ ਉਸ ਨੇ ਮਾਂ-ਪੁੱਤ ਨੂੰ ਖੂਨ ਨਾਲ ਲੱਥਪੱਥ ਦੇਖਿਆ। ਦਾਦੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਵਿਚ ਕੰਮ ਕਰਦਾ ਹੈ।