ਜਲੰਧਰ (ਨਰਿੰਦਰ ਕੁਮਾਰ ਚੂਹੜ) | ਪੰਜਾਬ ਦੀ ਕੈਪਟਨ ਸਰਕਾਰ ਦੁਆਰਾ ਘਰ-ਘਰ ਰੋਜ਼ਗਾਰ ਮੁਹਿੰਮ ਨੂੰ ‘ਪਰਦੇ ਪਿੱਛੇ ਰੋਜ਼ਗਾਰ’ ਮੁਹਿੰਮ ਬਣਾ ਦਿੱਤਾ ਗਿਆ ਹੈ।
ਇੱਕ ਪਾਸੇ ਸਰਕਾਰ ਵੱਲੋਂ ਵੱਡੇ ਇਸ਼ਤਿਹਾਰਾਂ ਅਤੇ ਬਿਆਨਾਂ ਰਾਹੀਂ ਦਾਅਵੇ ਕੀਤੇ ਜਾਂਦੇ ਹਨ ਕਿ ਰਾਜ ਵਿੱਚ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਨੌਕਰੀ ਲੈਣ ਵਾਲੇ ਨੌਜਵਾਨਾਂ ਦੇ ਵੀਡੀਓ ਵੀ ਮੀਡੀਆ ਰਾਹੀਂ ਦਿਖਾਏ ਜਾਂਦੇ ਹਨ, ਦੂਜੇ ਪਾਸੇ ਸਰਕਾਰ ਨੌਜਵਾਨਾਂ ਨੂੰ ਦਿੱਤੇ ਰੋਜ਼ਗਾਰ ‘ਤੇ ਪਰਦਾ ਪਾ ਕੇ ਰੱਖਣਾ ਚਾਹੁੰਦੀ ਹੈ।
ਆਰ.ਟੀ.ਆਈ. ਐਕਟੀਵਿਸਟ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਘਰ-ਘਰ ਰੋਜ਼ਗਾਰ ਸਕੀਮ ਤਹਿਤ ਨੌਕਰੀ ਹਾਸਲ ਕਰਨ ਵਾਲੇ ਵਿਅਕਤੀਆਂ ਦੀ ਸੂਚੀ (ਨਾਂ, ਪਤਾ, ਉਮਰ ਅਤੇ ਨੌਕਰੀ ਦੀ ਥਾਂ ਸਮੇਤ) ਮੰਗੀ ਗਈ ਸੀ। ਇਸ ਤੋਂ ਇਲਾਵਾ ਨੌਕਰੀ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਪੁੱਛੀ ਗਈ ਸੀ।
ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹੁਸ਼ਿਆਰਪੁਰ ਵੱਲੋਂ ਜੋ ਪੱਤਰ ਭੇਜਿਆ ਗਿਆ, ਉਸ ਨੇ ਸਰਕਾਰ ਦੀ ਮੁਹਿੰਮ ‘ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਸੰਬੰਧਿਤ ਸੂਚਨਾ ਅਧਿਕਾਰੀ ਨੇ ਨੌਕਰੀ ਲੈਣ ਵਾਲੇ ਵਿਅਕਤੀਆਂ ਦੀ ਸੂਚੀ ਅਤੇ ਨੌਕਰੀ ਨਾਲ ਸੰਬੰਧਿਤ ਅਦਾਰੇ ਦੇ ਨਾਂ ਜਨਤਕ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।
ਸਿਰਫ ਨਾਂਹ ਹੀ ਨਹੀਂ ਕੀਤੀ, ਨਾਂਹ ਕਰਨ ਦੇ ਕਾਰਨ ਵੀ ਅਜੀਬੋ-ਗਰੀਬ ਦੱਸੇ ਹਨ। ਆਰ.ਟੀ.ਆਈ. ਦੇ ਭਾਗ 8 ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਅਜਿਹੀ ਸੂਚਨਾ ਨਹੀਂ ਦਿੱਤੀ ਜਾ ਸਕਦੀ ਜਿਹੜੀ ਆਪਸੀ ਭਰੋਸੇ ਵਾਲੇ ਸੰਬੰਧਾਂ ਵਾਲੀ ਹੋਵੇ ਅਤੇ ਜਿਸ ਨੂੰ ਜਨਤਕ ਕੀਤਿਆਂ ਕਿਸੇ ਦੇ ਜੀਵਨ ਅਤੇ ਸਰੀਰਕ ਸੁਰੱਖਿਆ ਲਈ ਖਤਰਾ ਬਣ ਸਕਦਾ ਹੋਵੇ।
ਕਿੱਤਣਾ ਨੇ ਸਵਾਲ ਕੀਤਾ ਕਿ ਨੌਜਵਾਨਾਂ ਨੂੰ ਮਿਲੀ ਨੌਕਰੀ ਕਿਸੇ ਦੇ ਜੀਵਨ ਜਾਂ ਸਰੀਰਕ ਨੁਕਸਾਨ ਦਾ ਕਾਰਨ ਕਿਵੇਂ ਬਣ ਸਕਦੀ ਹੈ? ਨੌਕਰੀ ਲੈਣ ਵਾਲੇ ਜਿਨ੍ਹਾਂ ਨੌਜਵਾਨਾਂ ਦੇ ਵੀਡੀਓ ਕਲਿਪ ਬਣਾ ਕੇ ਸੋਸ਼ਲ ਮੀਡੀਆ ‘ਤੇ ਚਲਾਏ ਜਾਂਦੇ ਹਨ, ਉਨ੍ਹਾਂ ਨੂੰ ਖਤਰੇ ਦਾ ਧਿਆਨ ਕਿਉਂ ਨਹੀਂ ਰੱਖਿਆ ਜਾਂਦਾ?
ਕਿੱਤਣਾ ਦਾ ਕਹਿਣਾ ਹੈ ਕਿ ਸਰਕਾਰ ਨੇ ਘਰ-ਘਰ ਰੋਜ਼ਗਾਰ ਦੇ ਨਾਂ ‘ਤੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਜਿਹੜੇ ਨੌਜਵਾਨ ਪਹਿਲਾਂ ਆਪਣੇ ਪੱਧਰ ‘ਤੇ ਹੀ ਦੁਕਾਨਾਂ, ਢਾਬਿਆਂ ਜਾਂ ਵਾਹਨ ਧੋਣ ਵਾਲੇ ਸਰਵਿਸ ਸਟੇਸ਼ਨਾਂ ‘ਤੇ ਕੰਮ ਕਰ ਲੈਂਦੇ ਸਨ, ਸਰਕਾਰ ਉਨ੍ਹਾਂ ਦਾ ਸਿਹਰਾ ਆਪਣੇ ਸਿਰ ਲੈਣਾ ਚਾਹੁੰਦੀ ਹੈ। ਜੇਕਰ ਸਰਕਾਰ ਰੋਜ਼ਗਾਰ ਦੀਆਂ ਕਿਸਮਾਂ ਦੱਸੇਗੀ ਤਾਂ ਲੋਕ ਰੋਜ਼ਗਾਰ ਦਾ ਮਜ਼ਾਕ ਉਡਾਉਣਗੇ ਤੇ ਸਰਕਾਰ ਅੱਗੇ ਸਵਾਲ ਉਠਾਉਣਗੇ, ਜਿਨ੍ਹਾਂ ਦੇ ਜਵਾਬ ਨਹੀਂ ਦਿੱਤੇ ਜਾ ਸਕਣਗੇ।
ਪ੍ਰਦਾਨ ਕੀਤੀ ਸੂਚਨਾ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿੱਚ 13328 ਉਮੀਦਵਾਰਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਹੈ, ਜਦਕਿ 26623 ਉਮੀਦਵਾਰਾਂ ਨੇ ਨਿੱਜੀ ਤੌਰ ‘ਤੇ ਅਤੇ 60881 ਉਮੀਦਵਾਰਾਂ ਨੇ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਹੈ। ਸੂਚਨਾ ਅਧੂਰੀ ਦੇਣ ਲਈ ਪ੍ਰਾਰਥੀ ਵੱਲੋਂ ਜਨ ਸੂਚਨਾ ਅਧਿਕਾਰੀ ਖਿਲਾਫ ਅਪੀਲੀ ਅਧਿਕਾਰੀ ਕੋਲ ਅਪੀਲ ਵੀ ਕੀਤੀ ਜਾ ਰਹੀ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)