ਜਲੰਧਰ – ਬਰਸਾਤ ਤੋਂ ਪਹਿਲਾਂ ਸਤਲੁਜ ਦੇ ਕੰਢੇ ਮਜ਼ਬੂਤ ਕਰਨ ਲਈ ਸਬ ਡਵੀਜ਼ਨ ਫਿਲੌਰ, ਨਕੋਦਰ ਤੇ ਸ਼ਾਹਕੋਟ ‘ਚ ਮਗਨਰੇਗਾ ਕਾਮਿਆਂ ਨੂੰ ਲਾਇਆ

0
843

ਜਲੰਧਰ. ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਪੈਂਦੀਆਂ ਤਿੰਨ ਸਬ ਡਵੀਜ਼ਨ ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਖੇ ਦਰਿਆ ਸਤਲੁਜ ਦੇ ਕੰਢਿਆ ਨੂੰ ਮਜ਼ਬੂਤ ਕਰਨ ਮਗਨਰੇਗਾ ਕਾਮਿਆਂ ਨੂੰ ਲਗਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ’ਤੇ ਉਪ ਮੰਡਲ ਮੈਜਿਸਟਰੇਟਾਂ ਵਲੋਂ ਨਿਯਮਤ ਤੌਰ ‘ਤੇ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਜਦਕਿ ਡਰੇਨਜ਼ ਵਿਭਾਗ ਦੇ ਅਫ਼ਸਰਾਂ ਵਲੋਂ ਪਹਿਲਾਂ ਹੀ ਫੀਲਡ ਵਿੱਚ ਰਹਿ ਕੇ ਕੰਮ ਨੂੰ ਜਲਦ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦਰਿਆ ਸਤਲੁਜ ਦੇ ਨਾਜ਼ੁਕ ਥਾਵਾਂ ‘ਤੇ ਮਗਨਰੇਗਾ ਕਾਮਿਆਂ ਨੂੰ ਲਗਾਇਆ ਗਿਆ ਹੈ ਤਾਂ ਜੋ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਚੰਗੀ ਤਰ੍ਹਾਂ ਸਮੇਂ ਤੋਂ ਪਹਿਲਾਂ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਗਨਰੇਗਾ ਕਾਮਿਆਂ ਵਲੋਂ ਡਰੇਨਜ਼ ਵਿਭਾਗ ਦੇ ਇੰਜੀਨੀਅਰਾਂ ਦੀ ਦੇਖ ਰੇਖ ਵਿੱਚ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਡਰੇਨਜ਼ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਵਲੋਂ ਨਾਜੁਕ ਥਾਵਾਂ ‘ਤੇ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਇਸ ਕੰਮ ਵਿੱਚ ਹੋਰ ਸਾਧਨ ਲਗਾਉਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਦਰਿਆ ਸਤਲੁਜ ਦੀਆਂ ਨਾਜ਼ੁਕ ਥਾਵਾਂ ਨੂੰ ਹਰ ਕੀਮਤ ‘ਤੇ ਮਜ਼ਬੂਤ ਕਰਨ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਸਾਤੀ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਇਸ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਲੋਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪਹਿਲਾਂ ਹੀ ਵਿਆਪਕ ਯੋਜਨਾ ਬਣਾਈ ਜਾ ਚੁੱਕੀ ਹੈ        

ਉਨ੍ਹਾਂ ਕਿਹਾ ਕਿ ਜੇਕਰ ਲੋੜ ਪੈਂਦੀ ਹੈ ਤਾਂ ਨਾਜ਼ੁਕ ਥਾਵਾਂ ਵਿਚੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਸਥਾਨਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ।