ਮੌਸਮ ‘ਚ ਗੜਬੜੀ ਨੇ ਮਈ ‘ਚ ਕੱਢਵਾਏ ਕੰਬਲ, 11-12 ਡਿਗਰੀ ਤੱਕ ਡਿਗਿਆ ਪਾਰਾ, ਅਜੇ ਹੋਰ ਵਧੇਗੀ ਠੰਡ

0
181

ਚੰਡੀਗੜ੍ਹ| ਕੌਮੀ ਰਾਜਧਾਨੀ ਦਿੱਲੀ, ਪੰਜਾਬ ਸਣੇ ਕਈ ਰਾਜਾਂ ਵਿੱਚ ਅੱਜਕਲ੍ਹ ਮੀਂਹ ਦਾ ਸਿਲਸਿਲਾ ਜਾਰੀ ਹੈ। ਇਸਦੇ ਨਾਲ ਹੀ ਜੰਮੂ-ਕਸ਼ਮੀਰ, ਹਰਿਆਣਾ, ਚੰਡੀਗੜ੍ਹ ਤੇ ਉਤਰਾਖੰਡ ਵਿੱਚ ਵੀ ਖੂਬ ਮੀਂਹ ਪਿਆ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ ਚਾਰ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੇਮੌਸਮੀ ਮੀਂਹ ਦਾ ਮੁੱਖ ਕਾਰਨ ਪੱਛਮੀ ਗੜਬੜੀ ਹੈ। ਮੀਂਹ ਦੀ ਸਰਗਰਮੀ ਦੀ ਤੀਬਰਤਾ ਬੁੱਧਵਾਰ ਨੂੰ ਗਰਜ ਨਾਲ ਵਧ ਜਾਏਗੀ।

ਪਿਛਲੇ 10 ਸਾਲਾਂ ਦੇ ਰਿਕਾਰਡ ਦੀ ਤੁਲਨਾ ‘ਚ ਪਹਿਲੀ ਵਾਰ 2 ਮਈ ਨੂੰ ਔਸਤਨ 25 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ, ਜਦਕਿ ਪਿਛਲੇ 10 ਸਾਲਾਂ ‘ਚ ਅਜਿਹਾ ਕਦੇ ਨਹੀਂ ਦੇਖਿਆ ਗਿਆ। ਕਹਿਰ ਦੀ ਗਰਮੀ ਵਿੱਚ ਮਈ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ 44 ਤੋਂ 45 ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਸ ਵਾਰ ਅਪ੍ਰੈਲ ਮਹੀਨੇ ‘ਚ ਲਗਾਤਾਰ 5 ਅਤੇ ਹੁਣ 1 ਮਈ ਨੂੰ ਪੱਛਮੀ ਗੜਬੜੀਆਂ ਕਾਰਨ ਮੰਗਲਵਾਰ ਨੂੰ ਲੁਧਿਆਣਾ, ਜਲੰਧਰ, ਰੋਪੜ, ਨਵਾਂਸ਼ਹਿਰ, ਪਠਾਨਕੋਟ ਸਮੇਤ ਕਈ ਥਾਵਾਂ ‘ਤੇ ਮੀਂਹ ਪਿਆ।

ਚੰਡੀਗੜ੍ਹ ‘ਚ ਪਿਛਲੇ 24 ਘੰਟਿਆਂ ਦੌਰਾਨ ਕਰੀਬ 11.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 24.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਈ ਦੇ ਸ਼ੁਰੂ ਵਿੱਚ ਹੀ ਪੰਜਾਬ ਵਿੱਚ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ, ਕਈ ਥਾਵਾਂ ‘ਤੇ ਲੋਕਾਂ ਨੇ ਮੁੜ ਗਰਮ ਕੱਪੜੇ ਕੱਢ ਲਏ।

ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਦੇ ਕਰੀਬ ਹੇਠਾਂ ਆ ਗਿਆ ਹੈ। ਮਈ ਆਮ ਤੌਰ ‘ਤੇ ਗਰਮੀ ਦੀ ਲਹਿਰ ਨਾਲ ਸ਼ੁਰੂ ਹੁੰਦਾ ਹੈ, ਪਰ ਇਸ ਵਾਰ ਇਹ ਕਾਲੇ ਬੱਦਲਾਂ ਅਤੇ ਠੰਡੀ ਪੂਰਬੀ ਹਵਾ ਨਾਲ ਹੋਇਆ ਹੈ।

ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ ਦੇ ਮੌਸਮ ਵਿਭਾਗ ਦੇ ਪ੍ਰਧਾਨ ਡਾ. ਮਦਨ ਖਿਚੜ ਅਨੁਸਾਰ ਮਈ ਮਹੀਨੇ ਦੀ ਸ਼ੁਰੂਆਤ 19 ਸਾਲਾਂ ਵਿੱਚ ਸਭ ਤੋਂ ਠੰਢੀ ਰਹੀ ਹੈ। ਇਸ ਤੋਂ ਪਹਿਲਾਂ ਸਾਲ 2004 ਵਿੱਚ 1 ਮਈ ਨੂੰ ਹਿਸਾਰ ਵਿੱਚ ਵੱਧ ਤੋਂ ਵੱਧ ਤਾਪਮਾਨ 25.1 ਡਿਗਰੀ ਸੈਲਸੀਅਸ ਸੀ।

ਚੰਡੀਗੜ੍ਹ ਦੇ ਨਿਰਦੇਸ਼ਕ ਮਨਮੋਹਨ ਸਿੰਘ ਮੁਤਾਬਕ ਇਸ ਖੇਤਰ ‘ਤੇ ਪੱਛਮੀ ਗੜਬੜੀ ਦਾ ਪ੍ਰਭਾਵ ਬੁੱਧਵਾਰ ਨੂੰ ਵੀ ਜਾਰੀ ਰਹੇਗਾ। ਇਸ ਤੋਂ ਬਾਅਦ ਹਲਕੇ ਛਿੱਟੇ ਪੈ ਸਕਦੇ ਹਨ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੀ ਬੱਦਲ ਛਾਏ ਰਹਿਣਗੇ। ਬੁੱਧਵਾਰ ਤੋਂ ਬਾਅਦ ਤਾਪਮਾਨ ‘ਚ ਵਾਧਾ ਹੋ ਸਕਦਾ ਹੈ ਪਰ ਜ਼ਿਆਦਾ ਨਹੀਂ।

ਮਈ ਦਾ ਆਮ ਤਾਪਮਾਨ ਤੀਜੇ ਹਫ਼ਤੇ ਵਿੱਚ ਹੀ ਵਾਪਸ ਆਉਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਤੋਂ ਬਾਅਦ ਇਕ ਵਾਰ ਫਿਰ ਪੱਛਮੀ ਗੜਬੜੀ ਦਾ ਪ੍ਰਭਾਵ ਹੋਵੇਗਾ, ਜਿਸ ਕਾਰਨ ਸ਼ੁੱਕਰਵਾਰ ਸ਼ਾਮ ਜਾਂ ਸ਼ਨੀਵਾਰ ਨੂੰ ਮੀਂਹ ਪਵੇਗਾ। ਅਗਲੇ ਤਿੰਨ ਦਿਨਾਂ ਤੱਕ ਤਾਪਮਾਨ 24 ਤੋਂ 28 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 17 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।