ਸ੍ਰੀ ਹਰਿਮੰਦਰ ਸਾਹਿਬ ‘ਚ ਪਲਾਨਿੰਗ ਦੇ ਨਾਲ ਕੀਤੀ ਗਈ ਬੇਅਦਬੀ, ਆਰੋਪੀ 3 ਵਾਰ ਆਇਆ ਸੀ ਦਰਬਾਰ ਸਾਹਿਬ, ਪੜ੍ਹੋ ਹੋਰ ਕੀ-ਕੀ ਹੋਏ ਖੁਲਾਸੇ

0
977

ਅੰਮ੍ਰਿਤਸਰ | ਸ੍ਰੀ ਹਰਿਮੰਦਰ ਸਾਹਿਬ ‘ਚ ਕੀਤੀ ਗਈ ਬੇਅਦਬੀ ਦੇ ਆਰੋਪੀ ਦੀ ਮੌਤ ਤੋਂ ਬਾਅਦ ਵੀ ਉਸ ਦੀ ਪਛਾਣ ਨਹੀਂ ਹੋ ਸਕੀ ਪਰ ਇਹ ਖੁਲਾਸਾ ਹੋਇਆ ਹੈ ਕਿ ਇਹ ਨੌਜਵਾਨ ਪਲਾਨਿੰਗ ਦੇ ਨਾਲ ਘਟਨਾ ਨੂੰ ਅੰਜਾਮ ਦੇ ਉਥੇ ਪਹੁੰਚਿਆ ਸੀ।

ਪੁਲਿਸ ਸੂਤਰਾਂ ਮੁਤਾਬਕ ਸੀਸੀਟੀਵੀ ਫੁਟੇਜ ਅਨੁਸਾਰ ਸ਼ਨੀਵਾਰ ਨੂੰ ਇਹ ਨੌਜਵਾਨ 3 ਵਾਰ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ ਸੀ। ਬੇਅਦਬੀ ਨੂੰ ਅੰਜਾਮ ਦੇਣ ਲਈ ਤਿੰਨ ਕੋਸ਼ਿਸ਼ਾਂ ਕੀਤੀਆਂ ਤੇ ਤੀਜੀ ਕੋਸ਼ਿਸ਼ ਵਿੱਚ ਉਹ ਰੇਲਿੰਗ ਨੂੰ ਪਾਰ ਕਰਨ ਵਿੱਚ ਕਾਮਯਾਬ ਹੋ ਗਿਆ।

ਸ਼ਨੀਵਾਰ ਸਵੇਰੇ 8:33 ਵਜੇ ਉਹ ਜਲ੍ਹਿਆਂਵਾਲਾ ਬਾਗ ਦੇ ਰਸਤੇ ਸ਼ਨੀ ਮੰਦਿਰ ਹੁੰਦੇ ਹੋਏ ਦਰਬਾਰ ਸਾਹਿਬ ‘ਚ ਦਾਖਲ ਹੋਇਆ ਸੀ। ਨੌਜਵਾਨ ਨੂੰ ਸਵੇਰੇ 8.37 ਵਜੇ ਦਰਬਾਰ ਸਾਹਿਬ ਦੀ ਪਰਿਕਰਮਾ ਨੇੜੇ ਦੇਖਿਆ ਗਿਆ ਸੀ।

ਪੁਲਿਸ ਦੀ ਜਾਣਕਾਰੀ ਮੁਤਾਬਕ ਰਾਤ 11 ਵਜੇ ਐਂਟਰੀ ਤੋਂ ਬਾਅਦ ਇਹ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੰਟਿਆਂ ਤੱਕ ਦਰਬਾਰ ਸਾਹਿਬ ‘ਚ ਰਿਹਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਨੌਜਵਾਨ ਲੰਗਰ ਹਾਲ ਦੇ ਕੈਮਰਿਆਂ ਵਿੱਚ ਵੀ ਕੈਦ ਹੋਇਆ।

ਪਹਿਲਾਂ ਵੀ 2 ਵਾਰ ਕਰ ਚੁੱਕਾ ਸੀ ਕੋਸ਼ਿਸ਼

2 ਵਾਰ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ‘ਚ ਅਸਫਲ ਰਹਿਣ ਤੋਂ ਬਾਅਦ ਉਹ ਸ਼ਾਮ 5:45 ਵਜੇ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਪਹੁੰਚਿਆ। ਉਸ ਸਮੇਂ ਉਥੇ ਪਾਠ ਚੱਲ ਰਿਹਾ ਸੀ ਤੇ ਮੌਕਾ ਪਾ ਕੇ ਇਹ ਨੌਜਵਾਨ ਰੇਲਿੰਗ ਟੱਪ ਕੇ ਅੰਦਰ ਪਹੁੰਚ ਗਿਆ।

ਇਸ ਘਟਨਾ ਕਾਰਨ ਹਰਕਤ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਟਾਸਕ ਫੋਰਸ ਦੇ ਮੈਂਬਰਾਂ ਨੇ ਉਸ ਨੂੰ ਫੜ ਲਿਆ। ਜਦੋਂ ਉਸ ਨੂੰ ਐੱਸਪੀਜੀਸੀ ਦਫ਼ਤਰ ਲਿਜਾਇਆ ਜਾ ਰਿਹਾ ਸੀ ਤਾਂ ਗੁੱਸੇ ਵਿੱਚ ਆਈ ਸੰਗਤ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਹੁਣ ਪੁਲਿਸ ਉਸ ਦੀ ਟਾਈਮਿੰਗ ਤੋਂ ਇਹ ਹਿਸਾਬ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਸਵੇਰੇ 8.33 ਵਜੇ ਕਿਸ ਜਗ੍ਹਾ ਤੋਂ ਸ਼ਹਿਰ ਪਹੁੰਚਿਆ ਹੋਵੇਗਾ। ਰੇਲਵੇ ਸਟੇਸ਼ਨ ਤੇ ਸ਼ਹਿਰ ਦੀਆਂ ਹੋਰ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।