ਅੰਮ੍ਰਿਤਸਰ | ਅੱਜ ਤੋਂ ਅੰਮ੍ਰਿਤਸਰ ਤੋਂ ਬਰਮਿੰਘਮ ਨੂੰ ਸਿੱਧੀ ਫਲਾਈਟ ਸ਼ੁਰੂ ਹੋ ਗਈ ਹੈ। ਇਹ ਫਲਾਈਟ ਹਰ ਹਫਤੇ ਸ਼ੁੱਕਰਵਾਰ 3 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉਡਾਣ ਭਰੇਗੀ ਤੇ ਐਤਵਾਰ ਸਵੇਰੇ 7.35 ‘ਤੇ ਵਾਪਸੀ ਕਰਿਆ ਕਰੇਗੀ।
ਜਾਣਕਾਰੀ ਮੁਤਾਬਕ ਪਹਿਲੀ ਫਲਾਈਟ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪਹਿਲੀ ਫਲਾਈਟ ਹੀ ਲਗਪਗ ਫੁੱਲ ਜਾ ਰਹੀ ਹੈ। ਇਸ ਫਲਾਈਟ ਨੇ 229 ਮੁਸਾਫਰਾਂ ਨੂੰ ਲੈ ਕੇ ਉਡਾਣ ਭਰੀ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ।
ਇਹ ਉਡਾਣ ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3 ਵਜੇ ਉਡਾਣ ਭਰੇਗੀ ਤੇ ਉਸੇ ਦਿਨ ਸ਼ਾਮ 5:20 ਵਜੇ ਬਰਮਿੰਘਮ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ਨੀਵਾਰ ਸ਼ਾਮ ਨੂੰ 7:30 ਵਜੇ ਬਰਮਿੰਘਮ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਐਤਵਾਰ ਸਵੇਰੇ 7:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ ‘ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ।
ਇਸ ਦੇ ਨਾਲ ਹੀ ਯੂਕੇ ਨਾਲ ਇਸ ਸਿੱਧੇ ਹਵਾਈ ਸੰਪਰਕ ਜ਼ਰੀਏ ਇਕ ਵਾਰ ਫਿਰ ਅੰਮ੍ਰਿਤਸਰ ਤੋਂ ਯੂਕੇ ਲਈ ਕਾਰਗੋ ਵਪਾਰ ਸ਼ੁਰੂ ਹੋ ਗਿਆ ਹੈ। ਲੰਡਨ ਤੇ ਬਰਮਿੰਘਮ ਨਾਲ ਹਵਾਈ ਸੰਪਰਕ ਮੁੜ ਸ਼ੁਰੂ ਹੋਣ ਦਾ ਸਵਾਗਤ ਕਰਦੇ ਹੋਏ ਵਪਾਰੀਆਂ ਨੇ ਕਿਹਾ ਕਿ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਵਸਤੂਆਂ ਵਿਦੇਸ਼ ਭੇਜਣ ਵਿੱਚ ਆਸਾਨੀ ਹੋਵੇਗੀ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)