ਨਵੀਂ ਦਿੱਲੀ | ਡਾਇਬਟੀਜ਼ ਇਕ ਅਜਿਹੀ ਬਿਮਾਰੀ ਹੈ, ਜੋ ਇਕ ਵਾਰ ਹੋ ਜਾਵੇ ਤਾਂ ਸਰੀਰ ਵਿੱਚ ਹਮੇਸ਼ਾ ਲਈ ਰਹਿ ਜਾਂਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੀ ਨਿਯਮਤ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚਿਆ ਜਾ ਸਕੇ।
ਸ਼ੂਗਰ ਦਾ ਪੱਧਰ ਵਧਣ ‘ਤੇ ਦਿਲ ਦਾ ਦੌਰਾ, ਕਿਡਨੀ ਦੀ ਬੀਮਾਰੀ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਦਵਾਈ ਤੋਂ ਇਲਾਵਾ ਕੁਝ ਕੁਦਰਤੀ ਤਰੀਕਿਆਂ ਨਾਲ ਵੀ ਸ਼ੂਗਰ (Diabetes) ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਨਿੰਮ- ਨਿੰਮ ਸਦੀਆਂ ਪੁਰਾਣੀ ਇਕ ਜੜੀ-ਬੂਟੀ ਹੈ, ਜਿਸ ‘ਤੇ ਸਾਲਾਂ ਤੋਂ ਲੋਕ ਭਰੋਸਾ ਕਰਦੇ ਆਏ ਹਨ। ਚਮੜੀ ਅਤੇ ਦੰਦਾਂ ਦੀਆਂ ਸਮੱਸਿਆਵਾਂ ਤੋਂ ਲੈ ਕੇ ਡੀ-ਟੌਕਸੀਫਿਕੇਸ਼ਨ ਤੱਕ ਨਿੰਮ ਬਹੁਤ ਲਾਭਦਾਇਕ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਨਿੰਮ ਵਿੱਚ ਪਾਏ ਜਾਣ ਵਾਲੇ ਫਲੇਵੋਨੋਇਡਸ, ਗਲਾਈਕੋਸਾਈਡਸ ਅਤੇ ਟ੍ਰਾਈਟਰਪੇਨੋਇਡਸ ਨਾਮਕ ਰਸਾਇਣ ਹੁੰਦੇ ਹਨ, ਜੋ ਸਰੀਰ ਵਿੱਚ ਗਲੂਕੋਜ਼ ਦੇ ਵਾਧੇ ਨੂੰ ਰੋਕਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਦਿਨ ਵਿੱਚ ਦੋ ਵਾਰ ਨਿੰਮ ਦੇ ਪਾਊਡਰ ਨੂੰ ਪਾਣੀ ਦੇ ਨਾਲ ਲੈਣਾ ਲਾਭਦਾਇਕ ਹੁੰਦਾ ਹੈ। ਇਸ ਨੂੰ ਚਾਹ ਜਾਂ ਭੋਜਨ ਵਿੱਚ ਮਿਲਾ ਕੇ ਵੀ ਲਿਆ ਜਾ ਸਕਦਾ ਹੈ।
ਕਰੇਲਾ- ਕਰੇਲਾ ਸ਼ੂਗਰ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦਾ ਹੈ। ਕਰੇਲੇ ਨੂੰ ਐਂਟੀ-ਡਾਇਬਟੀਜ਼ ਵੀ ਕਿਹਾ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਚਾਰਟਿਨ ਅਤੇ ਮੋਮੋਰਡੀਰਸਿਨ ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਸਵੇਰੇ-ਸਵੇਰੇ ਕਰੇਲੇ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਨੂੰ ਅਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਅਦਰਕ- ਅਦਰਕ ਖਾਣ ਦੇ ਅਣਗਿਣਤ ਲਾਭ ਹਨ, ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਵਿੱਚ ਇਹ ਇਨਸੁਲਿਨ ਨੂੰ ਕੰਟਰੋਲ ਕਰਦਾ ਹੈ। ਇਹ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਅਸਾਨੀ ਨਾਲ ਖੁਰਾਕ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਤੁਸੀਂ ਇਸ ਨੂੰ ਚਾਹ ਵਿਚ ਮਿਲਾ ਕੇ ਪੀ ਸਕਦੇ ਹੋ ਜਾਂ ਤੁਸੀਂ ਅਦਰਕ ਹਲਦੀ ਵਾਲਾ ਦੁੱਧ ਬਣਾ ਕੇ ਪੀ ਸਕਦੇ ਹੋ। ਧਿਆਨ ਰੱਖੋ ਕਿ ਪੱਕੇ ਦੇ ਮੁਕਾਬਲੇ ਕੱਚਾ ਅਦਰਕ ਜ਼ਿਆਦਾ ਫਾਇਦਾ ਦਿੰਦਾ ਹੈ।
ਜਾਮਣ- ਸ਼ੂਗਰ ਦੇ ਮਰੀਜ਼ਾਂ ਲਈ ਜਾਮਣ ਇਕ ਜਾਦੂਈ ਫਲ ਦੀ ਤਰ੍ਹਾਂ ਹੈ। ਇਹ ਬਲੱਡ ਸ਼ੂਗਰ ਨੂੰ ਬਿਹਤਰ ਤਰੀਕੇ ਨਾਲ ਕੰਟਰੋਲ ਕਰਦਾ ਹੈ। ਜਾਮਣ ਵਿੱਚ ਜੰਬੋਲੀਨ ਨਾਮਕ ਮਿਸ਼ਰਣ ਹੁੰਦਾ ਹੈ, ਜੋ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ।
ਇਹ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ। ਇਹ ਸਰੀਰ ਵਿੱਚ ਇਨਸੁਲਿਨ ਦੀ ਬਿਹਤਰ ਵਰਤੋਂ ਵਿੱਚ ਸਹਾਇਤਾ ਕਰਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਵਿੱਚ ਵਿਗੜੇ ਹੋਏ ਫਾਸਟਿੰਗ ਗਲੂਕੋਜ਼ ਨੂੰ ਵੀ ਸੁਧਾਰਦਾ ਹੈ।
ਮੇਥੀ- ਮੇਥੀ ਸਰੀਰ ਵਿੱਚ ਗਲੂਕੋਜ਼ ਟਾਲਰੈਂਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਇਹ ਕਾਫੀ ਮਾਤਰਾ ‘ਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਕਾਰਬੋਹਾਈਡਰੇਟਸ ਦੇ ਅਵਸ਼ੇਸ਼ਣ ਅਤੇ ਪਾਚਨ ਨੂੰ ਹੌਲੀ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ।
ਰੋਜ਼ਾਨਾ 10 ਗ੍ਰਾਮ ਮੇਥੀ ਦਾ ਸੇਵਨ ਕਰਨ ਨਾਲ ਸ਼ੂਗਰ ਨਾਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਤੁਸੀਂ ਇਸ ਨੂੰ ਪਾਊਡਰ ਦੇ ਰੂਪ ਵਿੱਚ ਜਾਂ ਪਾਣੀ ‘ਚ ਉਬਾਲ ਕੇ ਵੀ ਲੈ ਸਕਦੇ ਹੋ।
ਦਾਲਚੀਨੀ- ਦਾਲਚੀਨੀ ਇਕ ਅਜਿਹਾ ਮਸਾਲਾ ਹੈ, ਜਿਸ ਦੇ ਹੈਰਾਨੀਜਨਕ ਲਾਭ ਹਨ। ਇਹ ਸ਼ੂਗਰ ਦੇ ਮਰੀਜ਼ਾਂ ਵਿੱਚ ਇਨਸੁਲਿਨ ਸੈਂਸੀਟੀਵਿਟੀ ਨੂੰ ਵਧਾਉਂਦਾ ਹੈ। ਇਸ ਨਾਲ ਸਰੀਰ ਬਿਹਤਰ ਤਰੀਕੇ ਨਾਲ ਇਨਸੁਲਿਨ ਦੀ ਵਰਤੋਂ ਕਰ ਪਾਉਂਦਾ ਹੈ।
ਡਾਕਟਰ ਦਿਨ ਵਿੱਚ ਦੋ ਵਾਰ 250 ਮਿਲੀਗ੍ਰਾਮ ਦਾਲਚੀਨੀ ਲੈਣ ਦੀ ਸਲਾਹ ਦਿੰਦੇ ਹਨ। ਖਾਣੇ ਤੋਂ ਪਹਿਲਾਂ ਇਸ ਨੂੰ ਲੈਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਜਿਨਸੈਂਗ- ਇਹ ਇਕ ਪੌਦੇ ਦੀ ਜੜ੍ਹ ਹੈ, ਜੋ ਮੁੱਖ ਤੌਰ ‘ਤੇ ਉੱਤਰੀ ਅਮਰੀਕਾ ਵਿੱਚ ਉਗਾਈ ਜਾਂਦੀ ਹੈ। ਇਹ ਇਨਸੁਲਿਨ ਨੂੰ ਸੁਧਾਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਜਾਮਣ ਅਤੇ ਮੇਥੀ ਦੀ ਤਰ੍ਹਾਂ ਇਹ ਸਰੀਰ ਦੇ ਸੈੱਲਾਂ ਨੂੰ ਇਨਸੁਲਿਨ ਦੇ ਪ੍ਰਤੀ ਕਿਰਿਆਸ਼ੀਲ ਬਣਾਉਂਦਾ ਹੈ।
ਡਾਕਟਰ ਇਸ ਨੂੰ ਰੋਜ਼ਾਨਾ 3 ਗ੍ਰਾਮ ਲੈਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਖੂਨ ਨੂੰ ਪਤਲਾ ਕਰਨ ਵਾਲਿਆਂ ਨੂੰ ਇਸ ਤੋਂ ਕੋਈ ਵਿਸ਼ੇਸ਼ ਲਾਭ ਨਹੀਂ ਮਿਲਦਾ।