ਲੁਧਿਆਣਾ ਬਲਾਸਟ ‘ਤੇ ਬੋਲੇ ਡੀਜੀਪੀ ਸਿਧਾਰਥ ਚਟੋਪਾਧਿਆਏ “ਰਿਕਾਰਡ ਰੂਮ ਨੂੰ ਉਡਾਉਣਾ ਚਾਹੁੰਦਾ ਸੀ ਆਰੋਪੀ”

0
1963

ਚੰਡੀਗੜ੍ਹ | ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਲੁਧਿਆਣਾ ਕੋਰਟ ਕੰਪਲੈਕਸ ਬੰਬ ਬਲਾਸਟ ਬਾਰੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਡੀਜੀਪੀ ਨੇ ਕਿਹਾ ਕਿ ਆਰੋਪੀ ਅਦਾਲਤ ਦੇ ਰਿਕਾਰਡ ਰੂਮ ਨੂੰ ਉਡਾਉਣਾ ਚਾਹੁੰਦਾ ਸੀ ਤਾਂ ਜੋ ਉਸ ਖਿਲਾਫ਼ ਸਾਰੇ ਸਬੂਤ ਨਸ਼ਟ ਹੋ ਜਾਣ।

ਉਨ੍ਹਾਂ ਦੱਸਿਆ ਕਿ ਬੰਬ ਧਮਾਕੇ ਦਾ ਆਰੋਪੀ ਗਗਨਦੀਪ ਸਿੰਘ ਨਸ਼ਾ ਸਮੱਗਲਿੰਗ ਵਿੱਚ ਫੜਿਆ ਗਿਆ ਸੀ। ਜੇਲ੍ਹ ਵਿੱਚ ਰਹਿਣ ਦੌਰਾਨ ਹੀ ਉਹ ਖਾਲਿਸਤਾਨੀਆਂ ਦੇ ਸੰਪਰਕ ਵਿੱਚ ਆਇਆ ਸੀ।

ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ 24 ਘੰਟਿਆਂ ਵਿੱਚ ਹੱਲ ਕਰ ਲਿਆ ਹੈ। ਕਪੂਰਥਲਾ ਮਾਮਲੇ ‘ਚ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ‘ਚ ਨਹੀਂ ਲੈਣਾ ਚਾਹੀਦਾ।

ਡੀਜੀਪੀ ਨੇ ਦਾਅਵਾ ਕੀਤਾ ਕਿ ਅਸੀਂ 24 ਘੰਟਿਆਂ ਵਿੱਚ ਮਾਮਲਾ ਹੱਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਲਾਸਟ ਕੇਸ ਦੇ ਆਰੋਪੀਆਂ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ।

ਡੀਜੀਪੀ ਚਟੋਪਾਧਿਆਏ ਨੇ ਕਿਹਾ, ”ਲੁਧਿਆਣਾ ਬਲਾਸਟ ਬਹੁਤ ਜ਼ਬਰਦਸਤ ਧਮਾਕਾ ਸੀ। ਸਾਨੂੰ ਮੌਕੇ ਤੋਂ ਕਾਫੀ ਲੀਡ ਮਿਲੀ ਹੈ। ਸਾਨੂੰ ਮ੍ਰਿਤਕ ਦੇ ਹੱਥ ‘ਤੇ ਇਕ ਟੈਟੂ ਮਿਲਿਆ, ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਨੂੰ ਲੱਗਾ ਕਿ ਮ੍ਰਿਤਕ ਨੇ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਸੀ। ਜਾਂਚ ਵਿੱਚ ਸਾਨੂੰ ਪੁਸ਼ਟੀ ਹੋਈ ਕਿ ਇਹ ਸੱਚ ਹੈ।”

ਗਗਨਦੀਪ ਸਿੰਘ ਨੇ ਦਿੱਤਾ ਧਮਾਕੇ ਨੂੰ ਅੰਜਾਮ : ਡੀਜੀਪੀ

ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਅੱਗੇ ਕਿਹਾ, ”ਲੁਧਿਆਣਾ ਅਦਾਲਤ ਬਲਾਸਟ ਕੇਸ ਵਿੱਚ ਮਾਰੇ ਗਏ ਸਾਬਕਾ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਨੇ ਧਮਾਕੇ ਨੂੰ ਅੰਜਾਮ ਦਿੱਤਾ ਸੀ। ਉਸ ਨੂੰ 2019 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਤੇ ਡਰੱਗ ਸਮੱਗਲਿੰਗ ਦੇ ਇਕ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਸ ਨੇ 2 ਸਾਲ ਜੇਲ੍ਹ ਵਿੱਚ ਬਿਤਾਏ ਸਨ।”

ਇਸ ਤੋਂ ਪਹਿਲਾਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਗਗਨਦੀਪ ਅਦਾਲਤ ਦੇ ਰਿਕਾਰਡ ਰੂਮ ਨੂੰ ਧਮਾਕੇ ਨਾਲ ਉਡਾਉਣਾ ਚਾਹੁੰਦਾ ਸੀ। ਗਗਨਦੀਪ ਸਿੰਘ ਪੰਜਾਬ ਪੁਲਿਸ ਦਾ ਬਰਖ਼ਾਸਤ ਕਾਂਸਟੇਬਲ ਸੀ ਤੇ ਨਸ਼ਾ ਸਮੱਗਲਿੰਗ ਦੇ ਕੇਸ ਵਿੱਚ ਵੀ ਆਰੋਪੀ ਸੀ। ਇਸ ਤੋਂ ਬਾਅਦ ਦੇਰ ਰਾਤ ਪੁਲਿਸ ਗਗਨਦੀਪ ਦੇ ਭਰਾ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਹੈ।

ਦੱਸ ਦੇਈਏ ਕਿ ਗਗਨ ਪੰਜਾਬ ਦੇ ਖੰਨਾ ਦਾ ਰਹਿਣ ਵਾਲਾ ਸੀ। ਇਹ ਵਿਅਕਤੀ ਪੁਲਿਸ ਵਿੱਚ ਕਾਂਸਟੇਬਲ ਸੀ। ਅਗਸਤ 2019 ਵਿੱਚ ਉਸ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।