ਡੇਰਾਬੱਸੀ। ਦੁਸਹਿਰੇ ਤੋਂ ਪਹਿਲਾਂ ਡੇਰਾਬੱਸੀ ਦੇ ਰਾਮਲੀਲਾ ਦੁਸਹਿਰਾ ਗਰਾਊਂਡ ‘ਚ ਕਿਸੇ ਅਣਪਛਾਤੇ ਨੇ ਰਾਵਣ ਨੂੰ ਅੱਗ ਲਗਾ ਦਿੱਤੀ। ਕੁਝ ਅਣਪਛਾਤੇ ਵਿਅਕਤੀਆਂ ਨੇ ਸਟੇਜ ‘ਤੇ ਵੀ ਪੱਥਰ ਸੁੱਟੇ ਹਨ। ਇਸ ਦੌਰਾਨ ਹੁਣ ਦੁਸਹਿਰਾ ਕਮੇਟੀ ਦਾ ਵੱਡਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੀ ਲਾਪਰਵਾਹੀ ਨਾਲ ਇਹ ਘਟਨਾ ਵਾਪਰੀ ਹੈ। ਇਸ ਦੌਰਾਨ ਮੌਕੇ ‘ਤੇ ਕੋਈ ਵੀ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਕਈ ਵਾਰ ਥਾਣਾ ਡੇਰਾਬੱਸੀ ਤੋਂ ਸੁਰੱਖਿਆ ਮੁਲਾਜ਼ਮ ਵਧਾਉਣ ਦੀ ਮੰਗ ਕੀਤੀ ਗਈ ਸੀ।
ਰਾਮਲੀਲਾ ਕਮੇਟੀ ਦੇ ਮੈਂਬਰਾਂ ਵਿੱਚ ਭਾਰੀ ਗੁੱਸਾ ਹੋਣ ਕਰਕੇ ਹੁਣ ਪੰਜਾਬ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੁਸਹਿਰਾ ਕਮੇਟੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਤਿਉਹਾਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐੱਸ. ਐੱਚ. ਓ. ਨੂੰ ਉਨ੍ਹਾਂ ਨੇ ਕਈ ਵਾਰ ਅਪੀਲ ਕੀਤੀ ਕਿ ਇੱਥੇ 2 ਮੁਲਾਜ਼ਮਾਂ ਦੀ ਡਿਊਟੀ ਲਾਈ ਜਾਵੇ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।ਕਮੇਟੀ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੀ ਅਜਿਹੇ ਸ਼ਰਾਰਤੀ ਅਨਸਰਾਂ ਨਾਲ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਦੇ ਇਸ ਤਿਓਹਾਰ ਨੂੰ ਖ਼ਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਦੇ ਨਾਲ ਅੱਜ ਚੰਡੀਗੜ੍ਹ ਦੇ ਸੈਕਟਰ 46 ਸਥਿਤ ਦੁਸਹਿਰਾ ਗਰਾਊਂਡ ਦਾ ਪੁਤਲਾ ਸਭ ਤੋਂ ਵੱਡਾ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਇੱਥੇ ਦੁਸਹਿਰੇ ਤੋਂ ਪਹਿਲਾਂ ਹੀ ਗਰਾਊਂਡ ਵਿਖੇ ਦਹਨ ਲਈ ਰੱਖੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਪੁਤਲੇ ਨੂੰ ਅੱਗ ਲੱਗਣ ‘ਤੇ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸੈਕਟਰ-32 ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਪੁਤਲੇ ਦਾ ਕੁਝ ਹਿੱਸਾ ਸੜ ਗਿਆ ਹੈ।