ਡੇਰਾਬੱਸੀ : ਕੈਮੀਕਲ ਫੈਕਟਰੀ ‘ਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ ‘ਚ ਆ ਰਹੀ ਦਿੱਕਤ, ਦਹਿਸ਼ਤ ਦਾ ਮਾਹੌਲ

0
345

ਡੇਰਾਬੱਸੀ | ਲੁਧਿਆਣਾ ਵਿਚ ਗੈਸ ਲੀਕ ਤੋਂ ਬਾਅਦ ਹੁਣ ਇਕ ਹੋਰ ਗੈਸ ਲੀਕੇਜ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਡੇਰਾਬੱਸੀ ਦੀ ਬਰਵਾਲਾ ਸੜਕ ‘ਤੇ ਸਥਿਤ ਸੌਰਵ ਕੈਮੀਕਲ ਯੂਨੀਟ 1 ਵਿਚ ਰਾਤ ਕਰੀਬ ਗੈਸ ਲੀਕ ਹੋ ਗਈ। ਇਸ ਦੇ ਚਲਦੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਈ ਅਤੇ ਅੱਖਾਂ ਵਿਚ ਜਲਣ ਹੋਣ ਲੱਗੀ। ਗੈਸ ਲੀਕ ਹੋਣ ਕਰਕੇ ਜਿਥੇ ਫੈਕਟਰੀ ਵਿਚ ਭਾਜੜਾਂ ਪੈ ਗਈਆਂ, ਉਥੇ ਹੀ ਨਾਲ ਜੀਬੀਪੀ ਈਕੋ ਹੋਮ, ਈਕੋ 2 ਅਤੇ ਜੀਬੀਪੀ ਸੁਪਰਿਆ ਹਾਊਸਿੰਗ ਪ੍ਰਾਜੈਕਟ ਦੇ ਫਲੈਟਾਂ ਵਿਚ ਰਹਿੰਦੇ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਹੋਣ ਲੱਗੀ ਤਾਂ ਲੋਕ ਘਰਾਂ ਵਿਚੋਂ ਬਾਹਰ ਨਿਕਲ ਗਏ।

ਲੋਕਾਂ ਵੱਲੋਂ ਪੁਲਿਸ ਦੇ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ ਗਈ, ਜਿਸ ‘ਤੇ ਥਾਣਾ ਮੁਖੀ ਡੇਰਾਬੱਸੀ ਜਸਕੰਵਲ ਸਿੰਘ ਸੇਖੋਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਿਥੇ ਗੈਸ ਲੀਕ ਹੋ ਰਹੀ ਸੀ, ਉਥੇ ਧੂੰਏਂ ਦੇ ਗੁਬਾਰ ਬਣੇ ਹੋਏ ਸਨ ਪਰ ਰਾਹਤ ਅਤੇ ਬਚਾਅ ਟੀਮ ਵਲੋਂ ਸਥਿਤੀ ‘ਤੇ ਕਾਬੂ ਪਾ ਲਿਆ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਵਿਚ ਜਾਇਲੀਨ ਨਾਮਕ ਕੈਮੀਕਲ ਦੇ ਦੋ ਡਰਮ ਮੌਜੂਦ ਸਨ। ਫੈਕਟਰੀ ਕਰਮੀਆਂ ਮੁਤਾਬਕ ਉਨ੍ਹਾਂ ਵਿਚੋਂ ਇੱਕ ਡਰਮ ਟੁੱਟਣ ਕਰਕੇ ਗੈਸ ਲੀਕ ਹੋ ਗਈ। ਰਾਤ ਕਰੀਬ 11 ਵਜੇ ਗੈਸ ਲੀਕ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਫੈਕਟਰੀ ਵਿਚ ਕਰੀਬ 40 ਕਰਮੀ ਰਾਤ ਦੀ ਸ਼ਿਫਟ ਵਿਚ ਕੰਮ ਕਰ ਰਹੇ ਸਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਲੈਟਾਂ ਵਿਚ ਰਹਿੰਦੇ ਲੋਕਾਂ ‘ਚ ਸਹਿਮ ਦਾ ਮਾਹੌਲ ਸੀ ਪਰ ਹੁਣ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ।