ਡੇਰਾਬੱਸੀ/ਚੰਡੀਗੜ੍ਹ, 9 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਡੇਰਾਬੱਸੀ ਦੀ ਐੱਸ.ਬੀ.ਪੀ. ਸੋਸਾਇਟੀ ਦੇ ਫਲੈਟ ਦੀ ਉਪਰਲੀ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਾਤ ‘ਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਮੋਲ ਬਾਂਸਲ 18 ਸਾਲ ਵਜੋਂ ਹੋਈ ਹੈ। ਘਟਨਾ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ‘ਚ ਕਾਫੀ ਹੰਗਾਮਾ ਕੀਤਾ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਫਲੈਟਾਂ ‘ਚ ਬੁਲਾ ਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਫਿਲਹਾਲ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਨਮੋਲ 11ਵੀਂ ਮੰਜ਼ਿਲ ’ਤੇ ਰਹਿੰਦੇ ਆਪਣੇ ਦੋਸਤ ਦੇ ਘਰ ਜਨਮ ਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਗਿਆ ਸੀ, ਜਿਥੇ ਫਲੈਟ ਦੀ ਛੱਤ ਤੋਂ ਅਚਾਨਕ ਥੱਲੇ ਡਿੱਗ ਪਿਆ। ਸਾਥੀ ਦੋਸਤਾਂ ਨੇ ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਅਜੀਤੇਸ਼ ਕੌਸ਼ਲ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਅਨਮੋਲ ਦੀ ਮੌਤ ਅਚਾਨਕ ਵਾਪਰਿਆ ਹਾਦਸਾ ਹੈ ਜਾਂ ਕਤਲ, ਇਸ ਸਬੰਧੀ ਫਿਲਹਾਲ ਜਾਂਚ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ।