ਦਿੱਲੀ ਪੁਲਿਸ ਨੇ ਲੰਡਾ ਤੇ ਰਿੰਦਾ ਗੈਂਗ ਦੇ 4 ਸ਼ੂਟਰਾਂ ਨੂੰ ਭਾਰੀ ਅਸਲੇ ਸਣੇ ਕੀਤਾ ਕਾਬੂ

0
341

ਨਵੀਂ ਦਿੱਲੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲੰਡਾ ਅਤੇ ਰਿੰਦਾ ਗੈਂਗ ਦੇ ਚਾਰ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 5 ਚੀਨੀ ਐਚਈ ਗ੍ਰਨੇਡ ਐਮਪੀ-5 ਅਤੇ ਏਕੇ-47 ਅਸਾਲਟ ਰਾਈਫਲਾਂ ਅਤੇ 9 ਸੈਮੀ-ਆਟੋਮੈਟਿਕ ਪਿਸਤੌਲ, 11 ਪਿਸਤੌਲ ਤੇ 35 ਤੋਂ ਜ਼ਿਆਦਾ ਗੋਲੀਆਂ ਬਰਾਮਦ ਹੋਏ ਹਨ, ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਭੇਜੇ ਗਏ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਡੀਸੀਪੀ ਮਨੀਸ਼ੀ ਚੰਦਰਾ ਅਨੁਸਾਰ ਗੈਂਗਸਟਰ ਲਖਵਿੰਦਰ ਨੂੰ 24 ਸਤੰਬਰ 2022 ਨੂੰ ਸਰਾਏ ਕਾਲੇ ਖਾਂ ਇਲਾਕੇ ਤੋਂ ਫੜਿਆ ਗਿਆ ਸੀ।

ਇਸ ਮਾਮਲੇ ‘ਚ ਪੁੱਛਗਿੱਛ ਤੋਂ ਬਾਅਦ 13 ਅਕਤੂਬਰ 2022 ਨੂੰ ਦੂਜੇ ਅਪਰਾਧੀ ਗੁਰਜੀਤ ਉਰਫ ਗੌਰੀ ਨੂੰ ISBT ਬੱਸ ਸਟੈਂਡ ਤੋਂ ਫੜਿਆ ਗਿਆ ਸੀ। ਗੁਰਜੀਤ ਨੇ ਦੱਸਿਆ ਕਿ ਲਖਵੀਰ ਸਿੰਘ ਲੰਡਾ ਅਤੇ ਹਰਵਿੰਦਰ ਰਿੰਦਾ ਲਈ ਸਰਹੱਦ ਪਾਰ ਤੋਂ ਵੱਡੇ ਆਪਰੇਸ਼ਨ ਹਰਮਿੰਦਰ ਅਤੇ ਸੁਖਦੇਵ ਉਰਫ ਸੁੱਖਾ ਦੇਖ ਰਹੇ ਹਨ।

ਇਹਨਾਂ ਦੋਵਾਂ ਨੂੰ ਮੋਗਾ ਪੰਜਾਬ ਤੋਂ ਫੜਿਆ ਗਿਆ ਹੈ, ਇਸੇ ਦੌਰਾਨ ਇਕ ਖਾਸ ਸੂਚਨਾ ‘ਤੇ ਪੰਜਾਬ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਇਸੇ ਸਿੰਡੀਕੇਟ ਦੇ 3 ਹੋਰ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਇਕ ਹੋਟਲ ਤੋਂ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਇਕ ਏਕੇ-47 ਰਾਈਫਲ ਅਤੇ 3 ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ।