ਦਿੱਲੀ : ਘਰੋਂ ਬਹਾਨਾ ਮਾਰ ਕੇ ਲਾਰੈਂਸ ਨੂੰ ਮਿਲਣ ਬਠਿੰਡਾ ਦੀ ਜੇਲ੍ਹ ਪੁੱਜੀਆਂ 9ਵੀਂ ਦੀਆਂ ਵਿਦਿਆਰਥਣਾਂ, ਪੁਲਿਸ ਨੇ ਹਿਰਾਸਤ ‘ਚ ਲਈਆਂ

0
900

ਬਠਿੰਡਾ| ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਇਨ੍ਹੀਂ ਦਿਨੀਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਿਛਲੇ ਦਿਨੀਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਪੰਜਾਬ ਵਿੱਚ ਇੱਕ ਵਾਰ ਫਿਰ ਹਲਚਲ ਤੇਜ਼ ਕਰ ਦਿੱਤੀ ਹੈ। ਇਸ ਇੰਟਰਵਿਊ ਦੀ ਸਿਆਸੀ ਗਲਿਆਰੇ ਤੋਂ ਲੈ ਕੇ ਕਾਨੂੰਨੀ ਖੇਤਰ ਤੱਕ ਚਰਚਾ ਹੋ ਰਹੀ ਸੀ ਕਿ ਇਸੇ ਦੌਰਾਨ ਦਿੱਲੀ ਦੀਆਂ ਰਹਿਣ ਵਾਲੀਆਂ ਦੋ ਨਾਬਾਲਗ ਕੁੜੀਆਂ ਲਾਰੈਂਸ ਬਿਸ਼ਨੋਈ ਨੂੰ ਮਿਲਣ ਜੇਲ੍ਹ ਪਹੁੰਚ ਗਈਆਂ ਹਨ।

ਬਿਸ਼ਨੋਈ ਨੂੰ ਮਿਲਣ ਪਹੁੰਚੀਆਂ ਕੁੜੀਆਂ

ਇੱਕ ਨਿੱਜੀ ਚੈਨਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਿੱਤੀ ਗਈ ਸੀ। ਜਿਵੇਂ ਹੀ ਇਹ ਇੰਟਰਵਿਊ ਵਾਇਰਲ ਹੋਇਆ, ਹਰ ਪਾਸੇ ਇਸ ਦੀ ਚਰਚਾ ਹੋਣ ਲੱਗੀ। ਇਸੇ ਦੌਰਾਨ ਵੀਰਵਾਰ ਨੂੰ ਇਹ ਇੰਟਰਵਿਊ ਸੁਣ ਕੇ ਪ੍ਰਭਾਵਿਤ ਹੋਈਆਂ ਦਿੱਲੀ ਦੀਆਂ ਦੋ ਨਾਬਾਲਗ ਲੜਕੀਆਂ ਉਸ ਨੂੰ ਮਿਲਣ ਲਈ ਬਠਿੰਡਾ ਪੁੱਜੀਆਂ।

ਰਾਜਧਾਨੀ ਦਿੱਲੀ ਤੋਂ ਇਹ ਦੋਵੇਂ ਕੁੜੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਝੂਠ ਬੋਲ ਕੇ ਬਿਸ਼ਨੋਈ ਨੂੰ ਮਿਲਣ ਬਠਿੰਡਾ ਜੇਲ੍ਹ ਪਹੁੰਚੀਆਂ। ਦੋਵੇਂ ਲੜਕੀਆਂ ਰਾਜਧਾਨੀ ਦਿੱਲੀ ਤੋਂ ਬਠਿੰਡਾ ਦੀ ਗੋਬਿੰਦਪੁਰਾ ਕੇਂਦਰੀ ਜੇਲ੍ਹ ਪਹੁੰਚੀਆਂ। ਦੋਵੇਂ ਲੜਕੀਆਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਬਹਾਨੇ ਆਈਆਂ ਸਨ।

ਦੋਵੇਂ ਲੜਕੀਆਂ ਦਿੱਲੀ ਤੋਂ ਰੇਲਗੱਡੀ ਰਾਹੀਂ ਬਠਿੰਡਾ ਪਹੁੰਚੀਆਂ। ਇਸ ਤੋਂ ਬਾਅਦ ਦੋਵੇਂ ਲੜਕੀਆਂ ਵੀਰਵਾਰ ਸਵੇਰੇ ਕੇਂਦਰੀ ਜੇਲ ਬਠਿੰਡਾ ਦੇ ਬਾਹਰ ਪਹੁੰਚੀਆਂ ਅਤੇ ਉਥੇ ਜਾ ਕੇ ਆਪਣੇ ਮੋਬਾਇਲ ਫੋਨ ‘ਤੇ ਜੇਲ ਦੇ ਬਾਹਰ ਫੋਟੋਆਂ ਖਿੱਚਣ ਲੱਗੀਆਂ, ਜਿੱਥੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁੱਛਗਿੱਛ ‘ਚ ਬਿਸ਼ਨੋਈ ਨੂੰ ਮਿਲਣ ਦੀ ਇੱਛਾ ਦੱਸੀ

ਪੁਲਿਸ ਨੇ ਦੋਵਾਂ ਲੜਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ। ਦੋਵਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਵੇਂ ਦਿੱਲੀ ਤੋਂ ਇੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਿਲਣ ਆਈਆਂ ਹਨ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਜੇਲ੍ਹ ਸੁਪਰਡੈਂਟ ਤੋਂ ਇਲਾਵਾ ਥਾਣੇਦਾਰ ਨੂੰ ਦਿੱਤੀ ਗਈ।

ਪਰਿਵਾਰ ਨੂੰ ਬਠਿੰਡੇ ਸੱਦਿਆ

ਬਠਿੰਡਾ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬਠਿੰਡਾ ਬੁਲਾ ਲਿਆ ਹੈ ਤਾਂ ਜੋ ਦੋਵੇਂ ਨਾਬਾਲਗ ਲੜਕੀਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕੀਤਾ ਜਾ ਸਕੇ। ਪੁਲਿਸ ਹੁਣ ਪਰਿਵਾਰਕ ਮੈਂਬਰਾਂ ਦੀ ਉਡੀਕ ਕਰ ਰਹੀ ਹੈ।