ਦੀਪਕ ਟੀਨੂੰ ਫਰਾਰ ਮਾਮਲਾ : ਸੀ. ਆਈ. ਏ. ਸਟਾਫ ਇੰਚਾਰਜ ਗ੍ਰਿਫਤਾਰ, ਨੌਕਰੀ ਤੋਂ ਬਰਖਾਸਤ

0
733

ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਅਣਗਹਿਲੀ ਵਰਤਣ ਦੇ ਦੋਸ਼ਾਂ ‘ਚ ਸੀ. ਆਈ. ਏ. ਸਟਾਫ ਮਾਨਸਾ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰੀਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਖਿਲਾਫ ਥਾਣਾ ਸ਼ਹਿਰੀ-1 ਮਾਨਸਾ ਚ ਮਾਮਲਾ ਦਰਜ ਕਰਨ ਦੇ ਨਾਲ ਦੇਰ ਸ਼ਾਮ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ‘ਤੇ ਧਾਰਾ 311 ਤਹਿਤ ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ ਹੈ।

ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਇਹ ਜਾਣਕਾਰੀ ਆਪਣੇ ਟਵੀਟਰ ਹੈਂਡ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡੀ.ਜੀ.ਪੀ. ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਗੈਂਗਸਟਰ ਟੀਨੂੰ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਤਰ੍ਹਾਂ ਛਾਪੇਮਾਰੀ ਕਰ ਰਹੀ ਹੈ ਅਤੇ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪੰਜਾਬ ਦੇ ਚੱਪੇ ਚੱਪੇ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਗੈਂਗਸਟਰ ਦੀਪਕ ਟੀਨੂੰ CIA ਸਟਾਫ਼ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਪੰਜਾਬ ਪੁਲਸ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਪਹਿਲਾਂ ਹੀ ਪੁਲਸ ਉੱਪਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਵਿਸ਼ੇਸ਼ ਟਰੀਟਮੈਂਟ ਦੇਣ ਦੇ ਇਲਜ਼ਾਮ ਲੱਗ ਰਹੇ ਸੀ। ਟੀਨੂੰ ਦੇ ਫਰਾਰ ਹੋਣ ਪਿੱਛੋਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਸਨ ਅਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ‘ਤੇ ਵੀ ਵਿਰੋਧੀ ਉਂਗਲਾਂ ਚੁੱਕ ਰਹੇ ਸਨ, ਜਿਸ ਪਿੱਛੋਂ ਇਹ ਕਾਰਵਾਈ ਸਾਹਮਣੇ ਆਈ ਹੈ।