ਨਵੀਂ ਦਿੱਲੀ | ਅਮਰੀਕੀ ਖੁਫੀਆ ਏਜੰਸੀ ਐਫਬੀਆਈ ਅਤੇ ਇੰਟਰਪੋਲ ਦੀ ਮਦਦ ਨਾਲ ਸਪੈਸ਼ਲ ਸੈੱਲ ਦੀ ਟੀਮ ਨੇ ਦੇਸ਼ ਦੇ ਚੋਟੀ ਦੇ 10 ਗੈਂਗਸਟਰਾਂ ਵਿਚੋਂ ਇਕ ਦੀਪਕ ਪਹਿਲ ਉਰਫ਼ ਦੀਪਕ ਬਾਕਸਰ ਨੂੰ ਮੈਕਸੀਕੋ ਨੇੜੇ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਇਕ ਵੱਡੇ ਗੈਂਗਸਟਰ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਗੋਗੀ ਨੂੰ ਪੁਲਿਸ ਹਿਰਾਸਤ ‘ਚੋਂ ਛੁਡਵਾਉਣ ਤੋਂ ਬਾਅਦ ਗੋਗੀ ਗੈਂਗ ਸੁਰਖੀਆਂ ਵਿਚ ਆਇਆ ਸੀ। ਇਸ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਵੀ ਗਠਜੋੜ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਗੈਂਗਸਟਰ ਦੀਪਕ ਬਾਕਸਰ ਨੂੰ ਅਗਲੇ 2 ਦਿਨਾਂ ਵਿਚ ਭਾਰਤ ਲਿਆਂਦਾ ਜਾ ਸਕਦਾ ਹੈ। ਦਿੱਲੀ ਪੁਲਿਸ ਸਿਵਲ ਲਾਈਨਜ਼ ਵਿਚ ਬਿਲਡਰ ਅਮਿਤ ਗੁਪਤਾ ਦੀ ਹੱਤਿਆ ਦੇ ਮਾਮਲੇ ਵਿਚ ਬਾਕਸਰ ਦੀ ਭਾਲ ਵਿਚ ਸੀ। ਦੀਪਕ ਬਾਕਸਰ ਲੰਬੇ ਸਮੇਂ ਤੋਂ ਦੇਸ਼ ਤੋਂ ਬਾਹਰ ਸੀ। ਰੋਹਿਣੀ ਅਦਾਲਤ ਵਿਚ ਜਤਿੰਦਰ ਗੋਗੀ ਦੇ ਕਤਲ ਤੋਂ ਬਾਅਦ ਉਹ ਗੋਗੀ ਗੈਂਗ ਨੂੰ ਚਲਾ ਰਿਹਾ ਸੀ। ਉਹ ਜਨਵਰੀ 2023 ਵਿਚ ਰਵੀ ਅੰਤਿਲ ਦੇ ਨਾਂ ‘ਤੇ ਬਰੇਲੀ ਤੋਂ ਫਰਜ਼ੀ ਪਾਸਪੋਰਟ ਬਣਾ ਕੇ ਕੋਲਕਾਤਾ ਰਾਹੀਂ ਮੈਕਸੀਕੋ ਭੱਜ ਗਿਆ ਸੀ। ਪਾਸਪੋਰਟ ‘ਤੇ ਮੁਰਾਦਾਬਾਦ, ਯੂਪੀ ਦਾ ਪਤਾ ਦਿੱਤਾ ਗਿਆ ਸੀ। ਦੀਪਕ ਨੂੰ ਫੜਨ ਲਈ ਪੁਲਿਸ ਸਪੈਸ਼ਲ ਸੈੱਲ ਦੇ ਸਪੈਸ਼ਲ ਕਮਿਸ਼ਨਰ ਐੱਚ.ਜੀ.ਐੱਸ. ਧਾਲੀਵਾਲ ਦੀ ਨਿਗਰਾਨੀ ਹੇਠ ਇਕ ਟੀਮ ਬਣਾਈ ਗਈ ਸੀ।
ਦੀਪਕ 2016 ‘ਚ ਬਹਾਦਰਗੜ੍ਹ ‘ਚ ਗੋਗੀ ਨੂੰ ਦਿੱਲੀ ਪੁਲਿਸ ਦੀ ਹਿਰਾਸਤ ‘ਚੋਂ ਛੁਡਾਉਣ ਤੋਂ ਬਾਅਦ ਸੁਰਖੀਆਂ ‘ਚ ਆਇਆ ਸੀ। 2018 ਵਿਚ ਬਾਕਸਰ ਗੈਂਗ ਉੱਤੇ ਮਕੋਕਾ ਲਗਾਏ ਜਾਣ ਤੋਂ ਬਾਅਦ ਉਹ ਫਰਾਰ ਸੀ। ਇਸ ਦੌਰਾਨ ਅਮਿਤ ਗੁਪਤਾ ਸਮੇਤ 2 ਕਤਲ, ਪੁਲਿਸ ਮੁਲਾਜ਼ਮਾਂ ‘ਤੇ ਕਾਤਲਾਨਾ ਹਮਲਾ ਅਤੇ ਮਾਰਚ 2021 ‘ਚ ਕੁਲਦੀਪ ਉਰਫ ਫੌਜਾ ਨੂੰ ਜੀ.ਟੀ.ਬੀ ਹਸਪਤਾਲ ਤੋਂ ਪੁਲਿਸ ਹਿਰਾਸਤ ‘ਚੋਂ ਭਜਾਉਣ ਦੇ ਮਾਮਲੇ ਵਿਚ ਵੀ ਲੋੜੀਂਦਾ ਸੀ।