ਮੋਹਾਲੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਨਾਂ ‘ਤੇ ਕਈ ਸਿਆਸੀ ਆਗੂਆਂ, ਵਪਾਰੀਆਂ ਨੂੰ ਧਮਕੀ ਭਰੇ ਫੋਨ ਆਏ। ਹਾਲਾਂਕਿ ਇਨ੍ਹਾਂ ਵਿੱਚੋਂ 90 ਫੀਸਦੀ ਤੋਂ ਵੱਧ ਕਾਲਾਂ ਫਰਜ਼ੀ ਨਿਕਲੀਆਂ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਹੁਣ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਕੈਨੇਡਾ ਵਿੱਚ ਬੈਠੇ ਗੈਂਗਸਟਰ ਦੇ ਨਾਂ ‘ਤੇ ਧਮਕੀ ਭਰਿਆ ਫੋਨ ਆਇਆ। ਮੋਹਾਲੀ ਦੇ ਪੁਲਿਸ ਇੰਸਪੈਕਟਰ ਨੂੰ ਗੋਲਡੀ ਬਰਾੜ ਦੇ ਗੈਂਗ ਦਾ ਗੁਰਗਾ ਦੱਸ ਕੇ ਫੋਨ ਆਇਆ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਕਾਲ ਦੀ ਆਡੀਉ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਵਿੱਚ ਧਮਕੀ ਦੇਣ ਵਾਲਾ ਕਹਿ ਰਿਹਾ ਹੈ ਕਿ ਤੇਰੀ ਸੁਪਾਰੀ ਲੈ ਲਈ ਗਈ ਹੈ। 4 ਦਾ ਕੰਮ ਪਹਿਲਾਂ ਹੋ ਗਿਆ ਹੈ ਹੁਣ ਤੇਰਾ ਵੀ ਹੋ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਇਸ ਪੁਲਿਸ ਇੰਸਪੈਕਟਰ ਨੂੰ ਵ੍ਹਾਟਸਅਪ ‘ਤੇ ਕਾਲਾਂ ਆਈਆਂ ਹਨ, ਜਿਨ੍ਹਾਂ ਵਿੱਚ ਬੰਦਾ ਆਪਣੇ ਆਪ ਨੂੰ ਵਿਕਰਮ ਸਿੰਘ ਦੱਸ ਰਿਹਾ। ਇਹ ਬੰਦਾ ਹਿੰਦੀ ਬੋਲ ਰਿਹਾ ਹੈ ਤੇ ਇੰਸਪੈਕਟਰ ਨੂੰ ਧਮਕੀ ਦਿੰਦਾ ਹੈ। ਇਸ ‘ਤੇ ਇੰਸਪੈਕਟਰ ਨੇ ਕਹਾ ਕਿ ‘ਜਦੋਂ ਮਰਜੀ ਆ ਜਾ, ਮੈਂ ਤਾਂ ਕਫ਼ਨ ਬੰਨ੍ਹ ਕੇ ਹੀ ਰਹਿੰਦਾ ਹਾਂ’, ਜਿਸ ਦੇ ਜਵਾਬ ਵਿੱਚ ਗੈਂਗਸਟਰ ਕਹਿੰਦਾ ਹੈ ਕਿ ਕੋਈ ਨਾ ਫ਼ਿਰ ਤੈਨੂੰ ਕਫ਼ਨ ਪਹਿਨਾ ਵੀ ਦੇਵਾਂਗੇ। ਪੁਲਿਸ ਇਸ ਕਾਲ ਦੇ ਸਹੀ ਹੋਣ ਜਾਂ ਫ਼ਰਜ਼ੀ ਹੋਣ ਬਾਰੇ ਜਾਂਚ ਕਰ ਰਹੀ ਹੈ।