ਨਸ਼ਾ ਛੁਡਾਊ ਗੋਲੀ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

0
698

ਤਰਨਤਾਰਨ/ਅੰਮ੍ਰਿਤਸਰ/ਗੁਰਦਾਸਪੁਰ|ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਮਰਾਹਣਾ ਵਿਖੇ ਇਕ 26 ਸਾਲਾ ਨੌਜਵਾਨ ਦੀ ਨਸ਼ਾ ਛੁਡਾਊ ਗੋਲੀ ਦੀ ਓਵਰਡੋਜ਼ ਹੋਣ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸਿਕੰਦਰਜੀਤ ਸਿੰਘ ਦੇ ਰਿਸ਼ਤੇਦਾਰ ਬਿਕਰਮਜੀਤ ਸਿੰਘ ਅਤੇ ਵਿਪਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਕੰਦਰਜੀਤ ਸਿੰਘ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਵਿੱਚ ਲੱਗਿਆ ਸੀ, ਜਿਸ ਤੋਂ ਬਾਅਦ ਉਹ ਨਸ਼ਾ ਛੁਡਾਊ ਕੇਂਦਰ ਵਿੱਚੋਂ ਹਰ ਰੋਜ਼ ਗੋਲੀ ਲੈ ਕੇ ਆਉਂਦਾ ਸੀ। ਬੀਤੀ ਰਾਤ ਉਸ ਨੇ ਨਸ਼ਾ ਛੁਡਾਊ ਕੇਂਦਰ ‘ਚੋਂ ਗੋਲੀ ਲਿਆਂਦੀ। ਨਸ਼ਾ ਛੁਡਾਊ ਗੋਲੀ ਦੀ ਓਵਰਡੋਜ਼ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ।
ਮ੍ਰਿਤਕ ਸਿਕੰਦਰਜੀਤ ਸਿੰਘ ਦੀ ਮਾਂ ਸੁਖਬੀਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਸ ਨੇ ਵੀ ਸਾਰੇ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੁਰੀ ਸੰਗਤ ਵਿੱਚੋਂ ਬਾਹਰ ਨਿਕਲ ਆਉਣ ਕਿਉਂਕਿ ਉਸ ਦਾ ਇਕੱਲਾ-ਇਕੱਲਾ ਪੁੱਤ ਇਸ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਤੁਰ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਕੁਝ ਚਿਰ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਸਿਕੰਦਰਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।ਇਸ ਸਬੰਧੀ ਪਰਿਵਾਰ ਵੱਲੋਂ ਕੋਈ ਵੀ ਸ਼ਿਕਾਇਤ ਸਬੰਧਤ ਪੁਲਸ ਨੂੰ ਨਹੀਂ ਕੀਤੀ ਗਈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ।