ਸਹੁਰੇ ਘਰ ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪੇਕੇ ਪਰਿਵਾਰ ਦਾ ਦੋਸ਼- ਦਾਜ ਖਾਤਰ ਮਾਰ ‘ਤਾ ਕੁੜੀ ਨੂੰ

0
1468

ਪਟਿਆਲਾ | ਥਾਣਾ ਸਿਵਲ ਲਾਈਨ ਅਧੀਨ ਪੈਂਦੇ ਗੁਰਦੀਪ ਕਾਲੋਨੀ ਅਬਲੋਵਾਲ ‘ਚ 25 ਸਾਲਾ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ‘ਤੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਵਿਆਹੁਤਾ ਦੇ ਪਿਤਾ ਦੇ ਬਿਆਨਾਂ ’ਤੇ ਉਸ ਦੇ ਪਤੀ, ਸੱਸ ਅਤੇ ਨਣਦ ਖ਼ਿਲਾਫ਼ ਦਾਜ ਲਈ ਮੌਤ ਦੇ ਘਾਟ ਉਤਾਰਨ ਦਾ ਕੇਸ ਦਰਜ ਕਰ ਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਾਮ ਪ੍ਰਸਾਦ ਨੇ ਦੱਸਿਆ ਕਿ ਬੀਐਸਸੀ ਪਾਸ 25 ਸਾਲਾ ਅਨੀਤਾ ਦਾ ਵਿਆਹ ਕਰੀਬ 2 ਸਾਲ ਪਹਿਲਾਂ ਗੁਰਦੀਪ ਕਾਲੋਨੀ ਅਬਲੋਵਾਲ ਵਾਸੀ ਸ਼ੰਕਰ ਸ਼ਰਮਾ ਨਾਲ ਹੋਇਆ ਸੀ। ਸ਼ੰਕਰ ਪ੍ਰਾਈਵੇਟ ਨੌਕਰੀ ਕਰਦਾ ਸੀ। ਪੰਜ ਮਹੀਨੇ ਦੀ ਬੱਚੀ ਵੀ ਹੈ। ਵਿਆਹੁਤਾ ਦੇ ਪਿਤਾ ਰਾਮ ਪ੍ਰਸਾਦ ਵਾਸੀ ਦੀਪ ਨਗਰ ਪਟਿਆਲਾ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਉਸ ਦੀ ਲੜਕੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੂੰ ਘੱਟ ਦਾਜ ਲਿਆਉਣ ਦਾ ਤਾਣਾ ਮਾਰਿਆ ਜਾਂਦਾ ਸੀ।

ਇੱਥੋਂ ਤੱਕ ਕਿ ਲੜਕੀ ਨੂੰ ਆਪਣੇ ਮਾਤਾ-ਪਿਤਾ ਨੂੰ ਫੋਨ ਨਹੀਂ ਕਰਨ ਦਿੱਤਾ ਗਿਆ ਅਤੇ ਨਾ ਹੀ ਉਸ ਨੂੰ ਫੋਨ ਚੁੱਕਣ ਦਿੱਤਾ ਗਿਆ। ਅਨੀਤਾ ਨੇ ਅਕਤੂਬਰ 2022 ‘ਚ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਉਸ ਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ 23 ਨਵੰਬਰ 2022 ਨੂੰ ਰਾਮ ਪ੍ਰਸਾਦ ਆਪਣੀ ਲੜਕੀ ਨੂੰ ਆਪਣੇ ਨਾਨਕੇ ਘਰ ਲੈ ਆਇਆ। ਬਾਅਦ ‘ਚ ਦੋਵਾਂ ਧਿਰਾਂ ‘ਚ ਪੰਚਾਇਤੀ ਸਮਝੌਤਾ ਹੋਣ ਤੋਂ ਬਾਅਦ ਅਨੀਤਾ 8 ਮਾਰਚ 2023 ਨੂੰ ਵਾਪਸ ਆਪਣੇ ਸਹੁਰੇ ਘਰ ਚਲੀ ਗਈ।

ਇਸੇ ਦੌਰਾਨ 3 ਅਪ੍ਰੈਲ ਨੂੰ ਸ਼ਾਮ ਕਰੀਬ 5.30 ਵਜੇ ਲੜਕੀ ਦੇ ਸਹੁਰੇ ਬਿਮਲ ਪ੍ਰਸਾਦ ਨੇ ਰਾਮ ਪ੍ਰਸਾਦ ਨੂੰ ਫੋਨ ਕਰ ਕੇ ਦੱਸਿਆ ਕਿ ਅਨੀਤਾ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਤਾਂ ਅਨੀਤਾ ਬੈੱਡ ‘ਤੇ ਪਈ ਸੀ। ਉਸ ਦੀ ਗਰਦਨ ‘ਤੇ ਨਿਸ਼ਾਨ ਸਨ। ਪਿਤਾ ਦਾ ਦੋਸ਼ ਹੈ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸ ਦਾ ਗਲਾ ਘੁੱਟਿਆ ਹੋਵੇ। ਚੁੰਨੀ ਪੱਖੇ ਨਾਲ ਲਟਕ ਰਹੀ ਸੀ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪਤੀ, ਸੱਸ ਗੀਤਾ ਦੇਵੀ, ਸਹੁਰੇ ਅਤੇ ਦਿੱਲੀ ਵਿਆਹੁਤਾ ਸੁਨੀਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।