ਬਰਨਾਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬਰਨਾਲਾ ਸ਼ਹਿਰ ‘ਚ ਚਿੱਟੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਪਰਚਾ ਥਾਣਾ ਰੁੜਕੇ ਕਲਾਂ ਵਿਚ ਦਰਜ ਕੀਤਾ ਗਿਆ ਹੈ। ਐਸਐਚਓ ਸਤਨਾਮ ਸਿੰਘ ਨੇ ਦਸਿਆ ਕਿ ਪੁਲਿਸ ਨੇ ਕੁਲਦੀਪ ਕੌਰ ਵਾਸੀ ਪਿੰਡ ਤਾਜੋਕੇ ਦੀ ਸ਼ਿਕਾਇਤ ’ਤੇ ਨਰਾਤਾ ਰਾਮ ਵਾਸੀ ਪਿੰਡ ਤਾਜੋਕੇ ਅਤੇ ਕਾਲਾ ਸਿੰਘ ਵਾਸੀ ਪਿੰਡ ਬੱਲੋਕੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿਤੇ ਬਿਆਨਾਂ ਵਿਚ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਧਨਬਿੰਦਰ ਸਿੰਘ ਪੁੱਤਰ ਗੁਲਜ਼ਾਰਾ ਸਿੰਘ (33) ਨੂੰ ਮੁਲਜ਼ਮ ਨਰਾਤਾ ਰਾਮ 3 ਮਈ ਨੂੰ ਬਾਈਕ ’ਤੇ ਬੈਠਾ ਕੇ ਲੈ ਗਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ ਅਤੇ ਉਦੋਂ ਤੋਂ ਉਹ ਉਸ ਦੀ ਭਾਲ ਕਰ ਰਹੀ ਸੀ। ਮੁਲਜ਼ਮ ਉਸ ਦੇ ਪਤੀ ਨੂੰ ਚਿੱਟੇ ਦਾ ਨਸ਼ਾ ਦਿੰਦਾ ਸੀ। ਮੁਲਜ਼ਮ ਨਰਾਤਾ ਰਾਮ ਨੇ ਕਾਲਾ ਸਿੰਘ ਤੋਂ ਚਿੱਟਾ ਲੈ ਕੇ ਉਸ ਦੇ ਪਤੀ ਨੂੰ ਚਿੱਟੇ ਦੀ ਓਵਰਡੋਜ਼ ਦਿੱਤੀ।
ਓਵਰਡੋਜ਼ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। 2 ਦਿਨ ਤੱਕ ਉਹ ਆਪਣੇ ਪਤੀ ਦੀ ਭਾਲ ਕਰਦੀ ਰਹੀ। ਅੱਜ ਸਵੇਰੇ ਪਤਾ ਲੱਗਾ ਕਿ ਉਸ ਦੇ ਪਤੀ ਦੀ ਲਾਸ਼ ਪੱਖੋ ਕਲਾਂ ਦੇ ਰਜਬਾਹੇ ਕੋਲ ਪਈ ਸੀ। ਉਸ ਦੇ ਪਤੀ ਅਤੇ ਰਿਸ਼ਤੇਦਾਰਾਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਮੁਲਜ਼ਮ ਨਰਾਤਾ ਰਾਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਮੁਲਜ਼ਮ ਕਾਲਾ ਸਿੰਘ ਹਾਲੇ ਫ਼ਰਾਰ ਹੈ।