ਡੀਸੀ ਵਲੋਂ ਜਲੰਧਰ ‘ਚ ਕੋਵਿਡ-19 ਦੇ ਲੱਛਣ ਅਤੇ ਦੂਸਰੀਆਂ ਸਹਿ ਬਿਮਾਰੀਆਂ ਵਾਲੇ ਸਾਰੇ ਵਿਅਕਤੀਆਂ ਦੇ ਸੈਂਪਲ ਲੈਣ ਦੇ ਆਦੇਸ਼

0
692
  • ਦੂਸਰੀਆਂ ਬਿਮਾਰੀਆਂ ਤੋਂ ਪੀੜ੍ਹਤ 35000 ਲੋਕਾਂ ਦੇ ਸੈਂਪਲ ਘਰ-ਘਰ ਸਰਵੇ ਦੌਰਾਨ ਜਲਦ ਲਏ ਜਾਣਗੇ
  • ਡਿਪਟੀ ਕਮਿਸ਼ਨਰ ਵਲੋਂ 72 ਘੰਟਿਆਂ ਦੌਰਾਨ ਕੋਵਿਡ-19 ਪ੍ਰਭਾਵਿਤ ਵਿਅਕਤੀ ਦੇ ਸੰਪਰਕ ‘ਚ ਆਏ ਲੋਕਾਂ ਦੀ ਸ਼ਨਾਖਤ ਕਰਕੇ ਟੈਸਟ ਕਰਨ ਦੀ ਲੋੜ ‘ਤੇ ਜ਼ੋਰ

ਜਲੰਧਰ . ਕੋਵਿਡ-19 ਦੇ ਲੱਛਣਾ ਵਾਲੇ ਵਿਅਕਤੀਆਂ ਦੀ ਜਲਦੀ ਸ਼ਨਾਖਤ ਕਰਨ ਦੇ ਮੰਤਵ ਅਤੇ ਦੂਸਰੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਜਾਨੀ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨਾਂ ਵਿਅਕਤੀਆਂ ਵਿੱਚ ਮਹਾਂਮਾਰੀ ਸਬੰਧੀ ਲੱਛਣ ਦਿਖਾਈ ਦਿੰਦੇ ਹਨ ਉਨਾਂ ਦੇ ਅਤੇ ਜਲੰਧਰ ਵਿਖੇ ਦੂਸਰੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੇ ਟੈਸਟ ਕਰਨ ਦੇ ਆਦੇਸ਼ ਕੀਤੇ ਗਏ ਹਨ।

ਜ਼ਿਲ੍ਹੇ ਵਿੱਚ ਕੋਵਿਡ-19 ਸਬੰਧੀ ਕੀਤੀਆਂ ਗਈਆਂ ਤਿਆਰੀਆਂ ਬਾਰੇ ਮੁੱਖ ਮੰਤਰੀ ਪੰਜਾਬ ਨਾਲ ਵੀਡੀਓ ਕਾਨਫਰੰਸ ਵਿੱਚ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਜਿਨਾਂ ਦੇ ਨਾਲ ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ ਵੀ ਮੌਜੂਦ ਸਨ ਨੇ ਕਿਹਾ ਕਿ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੈਸਟ ਕਰਕੇ ਪ੍ਰਭਾਵਿਤ ਵਿਅਕਤੀਆਂ ਦੀ ਜਲਦੀ ਸ਼ਨਾਖਤ ਕਰਨ ਉਪਰੰਤ ਇਲਾਜ ਕਰਨ ਦੀ ਗਤੀ ਵਿੱਚ ਤੇਜ਼ੀ ਲਿਆਂਦੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਰ ਘਰ ਸਰਵੇ ਦੌਰਾਨ ਸਿਹਤ ਵਿਭਾਗ ਵਲੋਂ 38000 ਲੋਕ ਦੂਸਰੀਆਂ ਸਹਿ ਬਿਮਾਰੀਆਂ ਤੋਂ ਪੀੜਤ ਪਾਏ ਗਏ ਹਨ ਅਤੇ ਸਿਹਤ ਵਿਭਾਗ ਸਦੀਆਂ ਟੀਮਾਂ ਵਲੋਂ ਇਨ੍ਹਾਂ ਸਾਰੇ ਵਿਅਕਤੀਆਂ ਦੀ ਜਾਂਚ ਲਈ ਸੈਂਪਲ ਲਏ ਜਾਣਗੇ। ਥੋਰੀ ਨੇ ਦੱਸਿਆ ਕਿ ਜਲੰਧਰ ਵਿਖੇ ਕੋਵਿਡ-19 ਮਹਾਂਮਾਰੀ ਕਰਕੇ 91 ਮੌਤਾ ਹੋਈਆਂ ਹਨ ਜਿਨਾਂ ਵਿੱਚ 85 ਲੋਕਾਂ ਨੂੰ ਦੂਸਰੀਆਂ ਸਹਿ ਬਿਮਾਰੀਆਂ ਸਨ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਦੌਰਾਨ ਸੈਂਪਲ ਲੈਣ ਨੂੰ ਮੁਕੰਮਲ ਕਰਨ ਲਈ ਸੈਂਪਲ ਇਕੱਤਰ ਕਰਨ ਵਾਲੀਆਂ ਟੀਮਾਂ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ।

ਥੋਰੀ ਨੇ ਕਿਹਾ ਕਿ ਕੋਵਿਡ ਦੀਆਂ ਤਿਆਰੀਆਂ ਸਬੰਧੀ ਰਣਨੀਤੀ ਤਹਿਤ ਮਾਈਕਰੋ ਕੰਟੇਨਮੈਂਟ ਜੋਨਾਂ ਨੂੰ ਵੱਖ ਕਰਨ ਅਤੇ ਉਚ ਜੋਖ਼ਿਮ ਵਰਗ ਵਿੱਚ ਰੱਖ ਕੇ ਜਿਨੀ ਜਲਦੀ ਹੋ ਸਕੇ ਇਲਾਜ ਸ਼ੁਰੂ ਕਰਨ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਥੋਰੀ ਨੇ ਜ਼ੋਰ ਦਿੱਤਾ ਕਿ ਪਿਛਲੇ 72 ਘੰਟਿਆਂ ਦੌਰਾਨ ਕਿਸੇ ਕੋਵਿਡ-19 ਤੋਂ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਟੈਸਟ ਕੀਤੇ ਜਾਣ, ਜਿਸ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ 24 ਘੰਟੇ ਬੈਡਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਲਗਾਤਾਰ ਸਿਹਤ ਸੰਭਾਲ ਸਹੂਲਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਅਪਣੇ ਦਫ਼ਤਰ ਤੋਂ ਵੀਡੀਓ ਕਾਨਫਰੰਸਿੰਗ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਐਸ.ਐਸ.ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਵੀ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਅਪਣਾਏ ਜਾਣ ਵਾਲੇ ਸੁਰੱਖਿਅਤ ਮਾਪਦੰਡਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਵਾਲੇ ਵਾਲੇ ਲੋਕਾਂ ਖਿਲਾਫ਼ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ ਤਾਂ ਜੋ ਮੈਡੀਕਲ ਪ੍ਰੋਟੋਕਾਲ ਨੂੰ ਯਕੀਨੀ ਬਣਾ ਕੇ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਨੋਵੇਲ ਕੋਰੋਨਾਵਾਇਰਸ ਖਿਲਾਫ਼ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ. ਰਾਹੁਲ ਸਿੰਧੂ, ਡਾ.ਜੈ ਇੰਦਰ ਸਿੰਘ, ਸੰਜੀਵ ਕੁਮਾਰ ਸ਼ਰਮਾ, ਨਵਨੀਤ ਕੌਰ ਬੱਲ, ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ, ਡਾ.ਸਤੀਸ਼ ਕੁਮਾਰ ਅਤੇ ਡਾ.ਸੋਭਨਾ ਹਾਜ਼ਰ ਸਨ।