ਬਠਿੰਡਾ, 3 ਦਸੰਬਰ | ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 38 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪਤੀ-ਪਤਨੀ ਅਤੇ ਉਨ੍ਹਾਂ ਦੀ ਧੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਬਠਿੰਡਾ ਵਾਸੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਸਿਮਰਜੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਨਛੱਤਰ ਸਿੰਘ, ਪਰਮਜੀਤ ਕੌਰ ਅਤੇ ਉਨ੍ਹਾਂ ਦੀ ਲੜਕੀ ਹਰਮਨਦੀਪ ਕੌਰ ਵਾਸੀ ਦਿਓਣ ਹਾਲ ਆਬਾਦ ਕੈਨੇਡਾ ਨਾਲ ਗੱਲਬਾਤ ਕੀਤੀ ਸੀ। ਮੁਲਜ਼ਮਾਂ ਨੇ ਉਸ ਦੇ ਲੜਕੇ ਨੂੰ ਕੈਨੇਡਾ ਲਿਜਾਣ ਦੇ ਬਦਲੇ ਉਸ ਕੋਲੋਂ 38,12,847 ਰੁਪਏ ਲੈ ਲਏ।
ਲੜਕੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਉਸ ਨੂੰ ਕੈਨੇਡਾ ਲੈ ਗਏ ਪਰ ਉੱਥੇ ਪਹੁੰਚ ਕੇ ਮੁਲਜ਼ਮ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਦੇ ਲੜਕੇ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿੱਤਾ। ਅਜਿਹਾ ਕਰ ਕੇ ਪੂਰੇ ਪਰਿਵਾਰ ਨੇ ਉਸ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।