ਸਹੁਰਿਆਂ ਦੇ 55 ਲੱਖ ਲਵਾ ਕੇ ਕੈਨੇਡਾ ਪਹੁੰਚੀ ਨੂੰਹ ਨੇ ਬਦਲਿਆ ਰੰਗ, ਪਤੀ ਸਮੇਤ ਸਹੁਰੇ ਪਰਿਵਾਰ ਦੇ ਨੰਬਰ ਕੀਤੇ ਬਲਾਕ

0
545

ਲੁਧਿਆਣਾ/ਖੰਨਾ | ਸਹੁਰੇ ਪਰਿਵਾਰ ਦੇ 55 ਲੱਖ ਰੁਪਏ ਲਵਾ ਕੇ ਕੈਨੇਡਾ ਪਹੁੰਚੀ ਨੂੰਹ ਨੇ ਉਥੇ ਜਾ ਕੇ ਰੰਗ ਬਦਲ ਲਿਆ ਅਤੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਨੰਬਰਾਂ ਨੂੰ ਬਲਾਕ ਕਰ ਦਿੱਤਾ। ਪੁਲਸ ਨੇ ਪੀੜਤ ਜਿੰਮੀ ਵਰਮਾ ਪੁੱਤਰ ਸੰਜੀਵ ਵਰਮਾ ਵਾਸੀ ਗਲੀ ਨੰਬਰ-2 ਨੇੜੇ ਕਰਤਾਰ ਸਿੰਘ ਟਿਊਬਵੈੱਲ ਸਮਰਾਲਾ ਰੋਡ ਖੰਨਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਲਵਪ੍ਰੀਤ ਕੌਰ ਪੁੱਤਰੀ ਸਵ. ਰਾਜ ਕੁਮਾਰ ਅਤੇ ਰੇਨੂ ਬਾਲਾ ਪਤਨੀ ਸਵ. ਰਾਜ ਕੁਮਾਰ ਵਾਸੀ ਵਾਰਡ ਨੰਬਰ-3 ਨੇੜੇ ਜਿੰਦਲ ਨਰਸਿੰਗ ਹੋਮ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਵਿਆਹ 14 ਅਕਤੂਬਰ 2016 ਨੂੰ ਲਵਪ੍ਰੀਤ ਕੌਰ ਨਾਲ ਹੋਇਆ ਸੀ।

ਲਵਪ੍ਰੀਤ ਪੜ੍ਹੀ-ਲਿਖੀ ਹੈ, ਜਿਸ ਕਾਰਨ ਉਹ ਉਸ ਦੇ ਆਪਣੇ ਪਰਿਵਾਰ ’ਚ ਰਹਿੰਦਿਆਂ ਆਈਲੈਟਸ ਦੀ ਤਿਆਰੀ ਕਰਨ ਲੱਗੀ ਅਤੇ ਚੰਗੇ ਬੈਂਡ ਹਾਸਲ ਕੀਤੇ। ਲਵਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਤੱਕ ਪਰਿਵਾਰ ਵੱਲੋਂ ਕਰੀਬ 22 ਲੱਖ ਰੁਪਏ ਖ਼ਰਚ ਕੀਤੇ ਗਏ। ਕੈਨੇਡਾ ’ਚ ਆਪਣੀ ਪੜ੍ਹਾਈ ਦੌਰਾਨ ਉਹ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਅਤੇ ਪੜ੍ਹਾਈ ਦੌਰਾਨ ਉਹ ਉਸ ਦੀ ਮੰਗ ਅਨੁਸਾਰ ਪੈਸੇ ਭੇਜਦਾ ਰਿਹਾ ਸੀ। ਹੁਣ ਤੱਕ ਉਹ ਆਪਣੀ ਪਤਨੀ ਨੂੰ ਕਰੀਬ 55 ਲੱਖ ਰੁਪਏ ਭੇਜ ਚੁੱਕਾ ਹੈ।

ਮਈ 2022 ’ਚ ਉਹ ਆਪਣੀ ਪਤਨੀ ਕੋਲ ਕੈਨੇਡਾ ਰਹਿਣ ਲਈ ਗਿਆ ਸੀ ਤਾਂ ਉਸ ਦਾ ਰਵੱਈਆ ਉਸ ਪ੍ਰਤੀ ਠੀਕ ਨਹੀਂ ਸੀ। ਭਾਰਤ ਆਉਣ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਉਸ ਦਾ ਨੰਬਰ ਬਲਾਕ ਕਰ ਦਿੱਤਾ। ਜਦੋਂ ਉਨ੍ਹਾਂ ਲਵਪ੍ਰੀਤ ਕੌਰ ਦੀ ਮਾਤਾ ਰੇਨੂੰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਪਰਿਵਾਰ ਵੀ ਉਸ ਦੀ ਹਾਂ ’ਚ ਹਾਂ ਮਿਲਾਉਣ ਲੱਗਾ। ਆਖਿਰਕਾਰ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਲਵਪ੍ਰੀਤ ਅਤੇ ਉਸ ਦੀ ਮਾਤਾ ਰੇਨੂੰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।