ਬਾਲੀਵੁੱਡ ‘ਤੇ ਖ਼ਤਰਾ : ਕਰੀਨਾ, ਅਰਜੁਨ ਕਪੂਰ, ਅੰਸ਼ੁਲਾ ਤੇ ਰੀਆ ਤੋਂ ਬਾਅਦ ਹੁਣ ਨੋਰਾ ਫਤੇਹੀ ਨੂੰ ਹੋਇਆ ਕੋਰੋਨਾ

0
37097

ਮੁੰਬਈ | ਕੋਰੋਨਾ ਇਨਫੈਕਸ਼ਨ ਨੇ ਫਿਲਮ ਇੰਡਸਟਰੀ ‘ਚ ਇਕ ਵਾਰ ਫਿਰ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਕਰੀਨਾ ਕਪੂਰ, ਅਰਜੁਨ ਕਪੂਰ, ਅੰਸ਼ੁਲਾ ਕਪੂਰ, ਰੀਆ ਕਪੂਰ ਤੇ ਅਭਿਨੇਤਰੀ ਸ਼ਿਲਪਾ ਸ਼ਿਰੋਡਕਰ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਬਾਲੀਵੁੱਡ ਦੀ ਡਾਂਸਿੰਗ ਕੁਈਨ ਨੋਰਾ ਫਤੇਹੀ ਕੋਵਿਡ ਦਾ ਸ਼ਿਕਾਰ ਹੋ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਨੋਰਾ ਦੇ ਬੁਲਾਰੇ ਨੇ ਦੱਸਿਆ ਕਿ ਅਦਾਕਾਰਾ ਡਾਕਟਰਾਂ ਦੀ ਨਿਗਰਾਨੀ ਹੇਠ ਹੋਮ ਕੁਆਰੰਟੀਨ ਹੈ। ਦੱਸ ਦੇਈਏ ਕਿ ਨੋਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ।

ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਲਿਖਿਆ ਨੋਟ

ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਨੋਰਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਨੋਟ ਸ਼ੇਅਰ ਕੀਤਾ ਹੈ, ਜਿਸ ਵਿੱਚ ਲਿਖਿਆ, ”ਦੋਸਤੋ, ਬਦਕਿਸਮਤੀ ਨਾਲ ਮੈਂ ਕੋਵਿਡ ਨਾਲ ਲੜ ਰਹੀ ਹਾਂ। ਉਹ ਮੈਨੂੰ ਬਹੁਤ ਬੁਰੀ ਤਰ੍ਹਾਂ ਫੜ ਰਿਹਾ ਹੈ। ਮੈਂ ਪਿਛਲੇ ਕੁਝ ਦਿਨਾਂ ਤੋਂ ਬੈੱਡ ਰੈਸਟ ‘ਤੇ ਹਾਂ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹਾਂ। ਮੇਰੀ ਤੁਹਾਨੂੰ ਬੇਨਤੀ ਹੈ ਕਿ ਮਾਸਕ ਪਹਿਨੋ ਤੇ ਸੁਰੱਖਿਅਤ ਰਹੋ।”

ਉਹ ਅੱਗੇ ਲਿਖਦੀ ਹੈ ਕਿ ਕੋਰੋਨਾ ਦਾ ਨਵਾਂ ਰੂਪ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਹ ਹਰੇਕ ਵਿਅਕਤੀ ਨੂੰ ਵੱਖ-ਵੱਖ ਰੂਪ ਨਾਲ ਪ੍ਰਭਾਵਿਤ ਕਰ ਰਿਹਾ ਹੈ। ਤੁਹਾਡੀ ਸਿਹਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੋ ਸਕਦਾ, ਇਸ ਲਈ ਆਪਣਾ ਧਿਆਨ ਰੱਖੋ ਤੇ ਸੁਰੱਖਿਅਤ ਰਹੋ।

ਕੀ ਕਿਹਾ ਨੋਰਾ ਦੇ ਬੁਲਾਰੇ ਨੇ

ਨੋਰਾ ਫਤੇਹੀ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਨੋਰਾ ਫਤੇਹੀ ਵੱਲੋਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਨੋਰਾ 28 ਦਸੰਬਰ ਨੂੰ ਕੋਰੋਨਾ ਸੰਕਰਮਿਤ ਪਾਈ ਗਈ ਸੀ। ਫਿਲਹਾਲ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਕੁਆਰੰਟਾਈਨ ਕੀਤਾ ਗਿਆ ਹੈ।

ਨੋਰਾ ਫਤੇਹੀ ਕੋਵਿਡ-19 ਨਾਲ ਜੁੜੇ ਨਿਯਮਾਂ ਦੀ ਪਾਲਣਾ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਉਹ ਬੀਐੱਮਸੀ ਨੂੰ ਵੀ ਸਹਿਯੋਗ ਦੇ ਰਹੀ ਹੈ। ਨੋਰਾ ਨੂੰ ਕੋਰੋਨਾ ਕਿਵੇਂ ਹੋਇਆ, ਇਸ ਬਾਰੇ ਉਨ੍ਹਾਂ ਦੇ ਬੁਲਾਰੇ ਨੇ ਕੁਝ ਨਹੀਂ ਕਿਹਾ।

ਵਾਇਰਲ ਹੋ ਰਹੀਆਂ ਤਸਵੀਰਾਂ ‘ਤੇ ਦਿੱਤੀ ਸਫਾਈ

ਇਸ ਤੋਂ ਇਲਾਵਾ ਨੋਰਾ ਦੇ ਬੁਲਾਰੇ ਤੇ ਟੀਮ ਨੇ ਨੋਰਾ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ‘ਤੇ ਸਪੱਸ਼ਟ ਕੀਤਾ ਕਿ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਨੋਰਾ ਈਵੈਂਟ ਤੇ ਪਾਰਟੀ ‘ਚ ਸ਼ਾਮਿਲ ਹੋ ਰਹੀ ਹੈ।

ਬੁਲਾਰੇ ਨੇ ਇਸ ਬਾਰੇ ਸਪੱਸ਼ਟ ਕੀਤਾ ਕਿ ਨੋਰਾ ਦਾ ਕੋਵਿਡ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਕਿਤੇ ਬਾਹਰ ਨਹੀਂ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਕਿਸੇ ਪੁਰਾਣੀ ਘਟਨਾ ਦੀਆਂ ਹਨ। ਇਸ ਲਈ ਅਸੀਂ ਪੁਰਾਣੀਆਂ ਫੋਟੋਆਂ ਨੂੰ ਨਜ਼ਰਅੰਦਾਜ਼ ਕਰਨ ਦੀ ਬੇਨਤੀ ਕਰ ਰਹੇ ਹਾਂ।

‘ਡਾਂਸ ਮੇਰੀ ਰਾਨੀ’

ਨੋਰਾ ਇਨ੍ਹੀਂ ਦਿਨੀਂ ਪੰਜਾਬੀ ਪੌਪ ਸਿੰਗਰ ਗੁਰੂ ਰੰਧਾਵਾ ਦੇ ਗਾਣੇ ‘ਡਾਂਸ ਮੇਰੀ ਰਾਨੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਗੀਤ ‘ਚ ਨੋਰਾ ਨੇ ਆਪਣੇ ‘ਜਲਪਰੀ’ ਅਵਤਾਰ ਨਾਲ ਦਰਸ਼ਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਉਸ ਦੇ ਲੁੱਕ ਤੇ ਡਾਂਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਇਸ ਤੋਂ ਇਲਾਵਾ ਉਹ ਇਕ ਮਸ਼ਹੂਰ ਪੰਜਾਬੀ ਨੂੰ ਡੇਟ ਕਰਕੇ ਵੀ ਸੁਰਖੀਆਂ ਵਿੱਚ ਹੈ। ਇਸ ਗੀਤ ਦੀ ਪ੍ਰਮੋਸ਼ਨ ਲਈ ਨੋਰਾ ਪਿਛਲੇ ਕਈ ਦਿਨਾਂ ‘ਚ ਕਈ ਥਾਵਾਂ ‘ਤੇ ਵੱਖ-ਵੱਖ ਸਮਾਗਮਾਂ ‘ਚ ਸ਼ਿਰਕਤ ਕਰ ਚੁੱਕੀ ਹੈ।