ਖਨੌਰੀ ਬਾਰਡਰ, 9 ਫਰਵਰੀ | ਖਨੌਰੀ ਕਿਸਾਨ ਮੋਰਚਾ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 76ਵੇਂ ਦਿਨ ਵੀ ਜਾਰੀ ਰਹੀ। ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਪਿਛਲੇ ਛੇ ਦਿਨਾਂ ਤੋਂ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਦੀਆਂ ਨਾੜੀਆਂ ਬੰਦ ਹਨ ਅਤੇ ਡਾਕਟਰਾਂ ਨੂੰ ਡ੍ਰਿੱਪ ਲਗਾਉਣ ਲਈ ਕੋਈ ਨਾੜੀ ਨਹੀਂ ਮਿਲ ਰਹੀ ਹੈ। 11 ਫਰਵਰੀ ਨੂੰ ਰਤਨਾਪੁਰਾ ਮੋਰਚਾ ਵਿਖੇ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੀ ਤਿਆਰੀ ਲਈ, ਪਟਲੀ, ਬੁੱਢਵਾਲੀ, ਚਕੀਹਰਾ, ਸਿੰਘਵਾਲਾ, ਨੁਕੇਰਾ, ਹਰੀਪੁਰਾ, ਭਗਤਪੁਰਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।
ਦੇਸ਼ ਭਰ ਤੋਂ ਕਿਸਾਨ ਅਤੇ ਕਿਸਾਨ ਆਗੂ 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚਾ ਪਹੁੰਚਣਗੇ। ਜਗਜੀਤ ਸਿੰਘ ਡੱਲੇਵਾਲ ਜੀ ਨੇ ਕਿਹਾ ਕਿ ਮੈਂ 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਮੋਰਚੇ ‘ਤੇ ਸਾਰੇ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ ਅਤੇ ਕਿਸਾਨਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਅੱਜ ਕਿਸਾਨਾਂ ਨੇ ਸ੍ਰੀ ਧਮਤਾਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮੋਰਚੇ ਦੀ ਮਜ਼ਬੂਤੀ ਲਈ ਪਰਮਾਤਮਾ ਵਾਹਿਗੁਰੂ ਅੱਗੇ ਅਰਦਾਸ ਕੀਤੀ।







































