ਚੇਨਈ, 30 ਨਵੰਬਰ | ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋਇਆ ਤੂਫਾਨ ਫੇਂਗਲ ਸ਼ਨੀਵਾਰ ਸ਼ਾਮ ਤੱਕ ਪੁਡੂਚੇਰੀ ਦੇ ਕਰਾਈਕਲ ਅਤੇ ਤਾਮਿਲਨਾਡੂ ਦੇ ਮਹਾਬਲੀਪੁਰਮ ਦੇ ਵਿਚਕਾਰ ਤੱਟ ਨਾਲ ਟਕਰਾਏਗਾ। ਇਸ ਦਾ ਅਸਰ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਤਾਮਿਲਨਾਡੂ ‘ਚ ਲੈਂਡਫਾਲ ਦੌਰਾਨ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਈ ਇਲਾਕਿਆਂ ‘ਚ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਚੇਨਈ ‘ਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਏਟੀਐਮ ਨੇੜੇ ਸ਼ਾਰਟ ਸਰਕਟ ਕਾਰਨ ਬਿਜਲੀ ਦਾ ਝਟਕਾ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਸ਼ਹਿਰ ਵਿਚ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਹਵਾਈ ਅੱਡੇ ਨੂੰ ਸ਼ਾਮ 7 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਕਈ ਟਰੇਨਾਂ ਵੀ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ।
ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਾਂਚੀਪੁਰਮ, ਚੇਂਗਲਪੱਟੂ, ਤਿਰੂਵੱਲੁਰ, ਕੁੱਡਲੋਰ, ਵਿੱਲੂਪੁਰਮ, ਕਾਲਾਕੁਰੀਚੀ, ਚੇਨਈ ਅਤੇ ਮੇਇਲਾਦੁਥੁਰਾਈ ਜ਼ਿਲ੍ਹਿਆਂ ਵਿਚ ਅੱਜ ਸਕੂਲ ਅਤੇ ਕਾਲਜ ਬੰਦ ਰਹੇ।
ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਤਾਮਿਲਨਾਡੂ ‘ਚ ਬਚਾਅ ਕਾਰਜ ਲਈ NDRF ਦੀਆਂ 7 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਹਰ ਟੀਮ ਵਿਚ 30 ਸਿਪਾਹੀ ਰੱਖੇ ਗਏ ਹਨ।