ਨਵੀਂ ਦਿੱਲੀ. ਚੱਕਰਵਾਤੀ ਤੂਫਾਨ ਅਮਫਨ (Cyclone Amphan) ਨੇ ਪੱਛਮੀ ਬੰਗਾਲ ਤਬਾਹੀ ਮਚਾਈ ਹੋਈ ਹੈ। ਚੱਕਰਵਾਤੀ ਤੂਫਾਨ ਅਮਫਨ ਨਾਲ ਪੱਛਮੀ ਬੰਗਾਲ ਵਿਚ 12 ਲੋਕਾਂ ਦੀ ਮੌਤ ਹੋ ਗਈ। ਮੌਤਾਂ ਸਬੰਧੀ ਜਾਣਕਾਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਦਿੱਤੀ ਗਈ। ਤੂਫਾਨ ਨੇ ਹਜ਼ਾਰਾਂ ਦਰਖਤ ਪੁੱਟ ਸੁਟੇ, ਹਜ਼ਾਰਾਂ ਘਰ ਬਰਬਾਦ ਹੋ ਗਏ ਅਤੇ ਸੈਕੜੇ ਵੱਡੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚਕਰਵਾਤ ਅਮਫਾਨ ਦਾ ਪ੍ਰਭਾਵ ਕੋਰੋਨਾ ਵਾਇਰਸ ਤੋਂ ਵੀ ਬਦਤਰ ਹੈ। ਉਨ੍ਹਾਂ ਤੂਫਾਨ ਨਾਲ ਕਰੀਬ 1 ਲੱਖ ਕਰੋੜ ਰੁਪਏ ਦੇ ਨੁਕਸਾਨ ਦੀ ਸ਼ੰਕਾ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਤੂਫਾਨ ਨੇ ਦੋ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ।
ਕੋਲਕਾਤਾ ਦੇ ਬਹੁਤ ਸਾਰੇ ਇਲਾਕੇ ਪਾਣੀ ਨਾਲ ਭਰ ਗਏ ਹਨ। ਤੂਫਾਨ ਦਾ ਪ੍ਰਭਾਵ ਕੋਲਕਾਤਾ ਏਅਰਪੋਰਟ ‘ਤੇ ਦਿਖਾਈ ਦੇ ਰਿਹਾ ਹੈ। ਇਥੇ ਚਾਰੇ ਪਾਸੇ ਪਾਣੀ ਹੈ। ਰਨਵੇਅ ਅਤੇ ਹੈਂਗਰ ਪਾਣੀ ਵਿਚ ਡੁੱਬੇ ਹੋਏ ਹਨ। ਹਵਾਈ ਅੱਡੇ ਦੇ ਇਕ ਹਿੱਸੇ ਵਿਚ, ਬਹੁਤ ਸਾਰੇ ਬੁਨਿਆਦੀ ਢਾਂਚੇ ਪਾਣੀ ਵਿਚ ਡੁੱਬੇ ਹੋਏ ਹਨ। ਅਮਫਾਨ ਦੇ ਕਾਰਨ ਹਵਾਈ ਅੱਡੇ ‘ਤੇ ਸਾਰੇ ਕੰਮ ਅੱਜ ਸਵੇਰੇ 5 ਵਜੇ ਤੱਕ ਬੰਦ ਕਰ ਦਿੱਤੇ ਗਏ ਸਨ, ਜੋ ਕਿ ਅਜੇ ਵੀ ਬੰਦ ਹਨ।
ਕੋਲਕਾਤਾ ਸ਼ਹਿਰ ਵਿੱਚ ਤੇਜ਼ ਹਵਾਵਾਂ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲੀ। ਅਮਫਾਨ ਦਾ ਸਭ ਤੋਂ ਵੱਡਾ ਕਹਿਰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਾਨਸ, ਦੱਖਣੀ 24 ਪਰਗਾਨਸ, ਮਿਦਨਾਪੁਰ ਅਤੇ ਕੋਲਕਾਤਾ ਵਿੱਚ ਸੀ। ਤੂਫਾਨ ਦੇ ਸਮੇਂ ਦੀਘਾ ਵਿੱਚ ਸਿੱਧਾ ਖੜ੍ਹਨਾ ਸੰਭਵ ਨਹੀਂ ਸੀ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਡਾਇਰੈਕਟਰ ਜਨਰਲ ਐਸ ਐਨ ਪ੍ਰਧਾਨ ਦੇ ਮੁਤਾਬਿਕ ਓਡੀਸ਼ਾ ਵਿੱਚ 20 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜਦਕਿ 19 ਯੂਨਿਟ ਪੱਛਮੀ ਬੰਗਾਲ ਵਿੱਚ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ, ਪੱਛਮੀ ਬੰਗਾਲ ‘ਚ ਤਾਇਨਾਤ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ‘ਚ ਤਕਰੀਬਨ 5 ਲੱਖ ਲੋਕਾਂ ਅਤੇ ਓਡੀਸ਼ਾ ‘ਚ ਤਕਰੀਬਨ 1.58 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ’ਤੇ ਪਹੁੰਚਾਇਆ ਗਿਆ ਹੈ।