ਸਾਈਬਰ ਠੱਗੀ : ਡਾਕਟਰ ਨੇ ਬਲੈਕਫੰਗਸ ਤੋਂ ਪੀੜਤ ਪਿਤਾ ਲਈ 3.65 ਲੱਖ ‘ਚ ਮੰਗਵਾਏ ਆਨਲਾਈਨ ਇੰਜੈਕਸ਼ਨ, ਪਾਰਸਲ ‘ਚੋਂ ਨਿਕਲੀਆਂ ਚੱਪਲਾਂ, ਪਿਤਾ ਦੀ ਮੌਤ

0
2093

ਲੁਧਿਆਣਾ | ਪਿਤਾ ਦੇ ਇਲਾਜ ਲਈ ਆਨਲਾਈਨ ਇੰਜੈਕਸ਼ਨ ਮੰਗਵਾਉਣਾ ਇਕ ਵਿਅਕਤੀ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨਾਲ ਪੈਸਿਆਂ ਦੀ ਠੱਗੀ ਤਾਂ ਹੋਈ ਹੀ, ਉਥੇ ਹੀ ਉਹ ਆਪਣੇ ਪਿਤਾ ਨੂੰ ਬਚਾ ਵੀ ਨਹੀਂ ਸਕਿਆ।

ਬੈਂਗਲੁਰੂ ਨਿਵਾਸੀ ਡਾ. ਮਹੇਸ਼ ਸ਼ਕੋਬਾ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਪੁਲਿਸ ਨੂੰ ਆਨਲਾਈਨ ਕੀਤੀ ਹੈ। ਜਾਂਚ ਤੋਂ 7 ਮਹੀਨੇ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਭਾਮੀਆਂ ਦੀ ਸੁਰਜੀਤ ਕਾਲੋਨੀ ਵਾਸੀ ਰੋਹਨ ਚੌਹਾਨ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।

ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ। ਜਾਂਚ ਅਧਿਕਾਰੀ ਤਮੰਨਾ ਦੇਵੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪੈਸੇ ਟਰਾਂਸਫਰ ਹੋਣ ਵਾਲੇ ਖਾਤਿਆਂ ਨੂੰ ਖੰਗਾਲਿਆ ਜਾ ਰਿਹਾ ਹੈ।

ਦੂਜੇ ਪਾਸੇ ਸਾਈਬਰ ਸੈੱਲ ਵਿੱਚ ਰੋਜ਼ਾਨਾ 8 ਤੋਂ 10 ਸ਼ਿਕਾਇਤਾਂ ਆਉਂਦੀਆਂ ਹਨ। 400 ਤੋਂ ਵੱਧ ਸ਼ਿਕਾਇਤਾਂ ਹਨ, ਜਿਨ੍ਹਾਂ ‘ਤੇ ਕੰਮ ਚੱਲ ਰਿਹਾ ਹੈ ਜਾਂ ਉਨ੍ਹਾਂ ‘ਤੇ ਕੰਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਅਪਰਾਧ ਝਾਰਖੰਡ, ਉੱਤਰਾਖੰਡ, ਰਾਜਸਥਾਨ ਤੋਂ ਚੱਲ ਰਹੇ ਹਨ।

ਆਨਲਾਈਨ ਹੋਇਆ ਕਾਂਟੈਕਟ, ਖਾਤੇ ‘ਚ ਟ੍ਰਾਂਸਫਰ ਕੀਤੇ ਪੈਸੇ

ਡਾ. ਮਹੇਸ਼ ਨੇ ਦੱਸਿਆ ਕਿ ਉਹ ਬੈਂਗਲੁਰੂ ਦੇ ਸੇਂਟ ਜੌਨ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਆਰਥੋ ਦਾ ਡਾਕਟਰ ਹਨ। ਜਦੋਂ ਕੋਵਿਡ ਆਪਣੇ ਸਿਖਰ ‘ਤੇ ਸੀ ਤਾਂ ਮਈ ਵਿੱਚ ਉਸ ਦੇ ਪਿਤਾ ਯਾਦਵ ਰਾਓ ਨੂੰ ਬਲੈਕਫੰਗਸ ਦੀ ਬਿਮਾਰੀ ਹੋ ਗਈ ਸੀ, ਜਿਸ ਲਈ ਉਸ ਨੂੰ ਟੀਕਿਆਂ ਦੀ ਲੋੜ ਸੀ।

ਇਸ ਦੌਰਾਨ ਉਸ ਨੂੰ ਫੇਸਬੁੱਕ ‘ਤੇ ਇਕ ਵਿਅਕਤੀ ਮਿਲਿਆ, ਜਿਸ ਨੇ ਆਪਣਾ ਨਾਂ ਰੋਹਨ ਚੌਹਾਨ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਲੁਧਿਆਣਾ ਵਿੱਚ ਮੈਡੀਕਲ ਉਪਕਰਨਾਂ ਦਾ ਡਿਸਟ੍ਰੀਬਿਊਟਰ ਹੈ। ਜਦੋਂ ਉਨ੍ਹਾਂ ਨੇ ਉਸ ਨੂੰ ਟੀਕਿਆਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਟੀਕੇ ਦੇ ਸਕਦਾ ਹੈ। ਪੀੜਤ ਨੇ ਉਸ ਨੂੰ 50 ਟੀਕਿਆਂ ਦਾ ਆਰਡਰ ਦਿੱਤਾ। ਇਸ ਦੇ ਬਦਲੇ ਆਰੋਪੀ ਨੇ 3.65 ਲੱਖ ਰੁਪਏ ਮੰਗੇ ਸਨ।

ਪਾਰਸਲ ਕਰਨ ਤੋਂ ਪਹਿਲਾਂ ਆਰੋਪੀ ਨੇ ਉਸ ਤੋਂ 10,000 ਰੁਪਏ ਮੰਗੇ, ਜਿਸ ਨੂੰ ਉਨ੍ਹਾਂ ਨੇ ਟਰਾਂਸਫਰ ਕਰ ਦਿੱਤਾ ਤਾਂ ਆਰੋਪੀ ਨੇ ਉਸ ਨੂੰ ਪਾਰਸਲ ਤੇ ਪਰਚੀ ਦੀ ਫੋਟੋ ਭੇਜ ਦਿੱਤੀ।

ਉਨ੍ਹਾਂ ਨੂੰ ਯਕੀਨ ਸੀ ਕਿ ਪਾਰਸਲ ਆ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਬਾਕੀ 3.55 ਲੱਖ ਰੁਪਏ ਆਰੋਪੀ ਵੱਲੋਂ ਦੱਸੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਕੁਝ ਦਿਨਾਂ ਬਾਅਦ ਜਦੋਂ ਪਾਰਸਲ ਉਸ ਕੋਲ ਆਇਆ ਤੇ ਜਦੋਂ ਉਸ ਨੇ ਖੋਲ੍ਹਿਆ ਤਾਂ ਉਸ ਵਿੱਚੋਂ 2 ਜੋੜੇ ਚੱਪਲਾਂ ਨਿਕਲੀਆਂ।

ਜਦੋਂ ਉਸ ਨੇ ਆਰੋਪੀ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਤੇ ਮੈਸੇਜ ਦਾ ਜਵਾਬ ਵੀ ਨਹੀਂ ਦਿੱਤਾ। ਪੀੜਤ ਨੇ ਆਪਣੇ ਜਾਣਕਾਰ ਨੂੰ ਫੋਨ ਕੀਤਾ ਜੋ ਲੁਧਿਆਣਾ ਦਾ ਰਹਿਣ ਵਾਲਾ ਹੈ। ਉਸ ਦੀ ਮਦਦ ਨਾਲ ਉਸ ਨੇ ਮਈ ‘ਚ ਪੁਲਿਸ ਨੂੰ ਸ਼ਿਕਾਇਤ ਕੀਤੀ।

ਪੁਲਿਸ ਨੇ ਇਸ ਮਾਮਲੇ ਦੀ 7 ਮਹੀਨੇ ਜਾਂਚ ਕੀਤੀ ਤੇ ਹੁਣ ਪਰਚਾ ਦਰਜ ਕਰ ਲਿਆ ਪਰ ਇਸ ਦੌਰਾਨ ਇਲਾਜ ਨਾ ਹੋਣ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ।