ਪੋਕਸੋ ਤੇ ਮਹਿਲਾਵਾਂ ਵਿਰੁੱਧ ਅਪਰਾਧ ਦੇ ਕੇਸ ਛੇਤੀ ਨਿਪਟਾਉਣ ਲਈ ਮੋਹਾਲੀ ਫੋਰੈਂਸਿਕ ਲੈਬ ਵਿਖੇ ਸਥਾਪਤ ਹੋਣਗੀਆਂ 3 ਨਵੀਆਂ ਯੂਨਿਟਾਂ

0
740

ਮੰਤਰੀ ਮੰਡਲ ਨੇ ਨਵੀਂਆਂ ਯੂਨਿਟਾਂ ਨੂੰ ਸੰਭਾਲਣ ਲਈ 35 ਨਵੀਆਂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦਿੱਤੀ

ਚੰਡੀਗੜ੍ਹ. ਪੋਕਸੋ ਐਕਟ ਅਤੇ ਮਹਿਲਾਵਾਂ ਵਿਰੁੱਧ ਅਪਰਾਧ ਨਾਲ ਸਬੰਧਤ ਮਾਮਲਿਆਂ ਦੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਤਰੀ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ, ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਡੀ.ਐਨ.ਏ., ਸਾਈਬਰ ਫੋਰੈਂਸਿਕ ਅਤੇ ਆਡੀਓ/ਆਵਾਜ਼ ਵਿਸ਼ਲੇਸ਼ਣ ਦੀਆਂ ਤਿੰਨ ਨਵੀਆਂ ਇਕਾਈਆਂ ਸਥਾਪਤ ਕਰਨ ਲਈ 1.56 ਕਰੋੜ ਰੁਪਏ ਸਾਲਾਨਾ ਦੀ ਲਾਗਤ ਨਾਲ 35 ਅਸਾਮੀਆਂ ਸਿਰਜਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸੀ.ਆਰ.ਪੀ.ਸੀ. ਦੀ ਸੋਧੀ ਹੋਈ ਧਾਰਾ 173 ਅਨੁਸਾਰ ਜਿਨਸੀ ਅਪਰਾਧ ਦੇ ਮਾਮਲਿਆਂ ਦੀ ਸੁਣਵਾਈ ਦੋ ਮਹੀਨਿਆਂ ਦੇ ਅੰਦਰ ਮੁਕੰਮਲ ਕੀਤੀ ਜਾਣੀ ਚਾਹੀਦੀ ਹੈ। ਜਿਨਸੀ ਅਪਰਾਧ ਦੇ ਸਾਰੇ ਮਾਮਲਿਆਂ ਲਈ ਡੀਐਨਏ ਦਾ ਨਮੂਨਾ ਲੈਣਾ ਅਤੇ ਟੈਸਟ ਕਰਨਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਨ੍ਹਾਂ ਹੁਕਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਡੀਐਨਏ ਯੂਨਿਟ ਦੀ ਗਿਣਤੀ ਇਕ ਤੋਂ ਵਧਾ ਕੇ ਦੋ ਕਰਕੇ ਸਟੇਟ ਫੋਰੈਂਸਿਕ ਲੈਬ ਵਿੱਚ ਡੀਐਨਏ ਯੂਨਿਟ ਨੂੰ ਮਜ਼ਬੂਤ ਕਰਨ ਦੇ ਗ੍ਰਹਿ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮੌਜੂਦਾ ਸਮੇਂ ਸਾਈਬਰ ਫੋਰੈਂਸਿਕ ਅਤੇ ਆਡੀਓ/ਆਵਾਜ਼ ਵਿਸ਼ਲੇਸ਼ਣ ਦੇ ਮਾਮਲਿਆਂ ਨੂੰ ਹੋਰ ਵਿਗਿਆਨਕ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਲਈ ਭੇਜਿਆ ਜਾਂਦਾ ਹੈ ਕਿਉਂਕਿ ਸਟੇਟ ਫੋਰੈਂਸਿਕ ਲੈਬ ਵਿੱਚ ਉਨ੍ਹਾਂ ਦੀ ਜਾਂਚ ਲਈ ਕੋਈ ਸਹੂਲਤ ਨਹੀਂ ਹੈ। ਮੰਤਰੀ ਮੰਡਲ ਦੀ ਪ੍ਰਵਾਨਗੀ ਦੇ ਨਾਲ ਹੁਣ ਸਾਈਬਰ ਫੋਰੈਂਸਿਕ ਅਤੇ ਆਡੀਓ/ਆਵਾਜ਼ ਵਿਸ਼ਲੇਸ਼ਣ ਦੀ ਇਕ ਇਕਾਈ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਹਰੇਕ ਫੋਰੈਂਸਿਕ ਸਾਇੰਸ ਲੈਬ ਵਿਚ ਸਥਾਪਤ ਕੀਤੀ ਜਾਏਗੀ।

ਇਨ੍ਹਾਂ ਤਿੰਨੋਂ ਨਵੀਆਂ ਯੂਨਿਟਾਂ ਵਿੱਚ ਕੰਪਿਊਟਰ ਅਪਰੇਟਰਾਂ ਤੋਂ ਲੈ ਕੇ ਸਹਾਇਕ ਡਾਇਰੈਕਟਰ ਪੱਧਰ ਤੱਕ 35 ਨਵੀਆਂ ਅਸਾਮੀਆਂ ਸ਼ਾਮਲ ਹਨ ਅਤੇ ਉਸੇ ਕੰਮ ਲਈ ਸਾਲਾਨਾ ਵਿੱਤੀ ਦੇਣਦਾਰੀ 1,15,95,932 ਰੁਪਏ ਹੋਵੇਗੀ।

ਅਸਾਮੀਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਮੰਤਰੀ ਮੰਡਲ ਨੇ ਡੀਐਨਏ ਯੂਨਿਟ ਲਈ 17 ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਇੱਕ ਸਹਾਇਕ ਡਾਇਰੈਕਟਰ, ਵਿਗਿਆਨਕ ਅਧਿਕਾਰੀ ਅਤੇ ਵਿਗਿਆਨਕ ਸਹਾਇਕ ਦੀਆਂ ਚਾਰ-ਚਾਰ, ਤਿੰਨ ਪ੍ਰਯੋਗਸ਼ਾਲਾ ਸਹਾਇਕ, ਚਾਰ ਪ੍ਰਯੋਗਸਾਲਾ ਅਟੈਂਡੈਂਟ ਅਤੇ ਇੱਕ ਕੰਪਿਊਟਰ ਆਪਰੇਟਰ ਸ਼ਾਮਲ ਹੈ। ਮੰਤਰੀ ਮੰਡਲ ਨੇ ਸਾਈਬਰ ਫੋਰੈਂਸਿਕ ਯੂਨਿਟ ਲਈ 12 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਵਿਚ ਇਕ ਸਹਾਇਕ ਡਾਇਰੈਕਟਰ, ਵਿਗਿਆਨਕ ਅਧਿਕਾਰੀ ਅਤੇ ਵਿਗਿਆਨਕ ਸਹਾਇਕ ਦੀਆਂ ਦੋ-ਦੋ, ਪ੍ਰਯੋਗਸ਼ਾਲਾ ਸਹਾਇਕ ਅਤੇ ਪ੍ਰਯੋਗਸ਼ਾਲਾ ਅਟੈਂਡੈਂਟਾਂ ਦੀਆਂ ਤਿੰਨ-ਤਿੰਨ ਅਤੇ ਇਕ ਕੰਪਿਊਟਰ ਅਪਰੇਟਰ ਸ਼ਾਮਲ ਹੈ। ਮੰਤਰੀ ਮੰਡਲ ਨੇ ਆਡੀਓ/ਆਵਾਜ਼ ਵਿਸ਼ਲੇਸ਼ਣ ਇਕਾਈ ਲਈ ਛੇ ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿਚ ਇਕ ਵਿਗਿਆਨਕ ਅਧਿਕਾਰੀ, ਦੋ ਵਿਗਿਆਨਕ ਸਹਾਇਕ, ਇਕ ਪ੍ਰਯੋਗਸ਼ਾਲਾ ਸਹਾਇਕ, ਇਕ ਪ੍ਰਯੋਗਸ਼ਾਲਾ ਅਟੈਂਡੈਂਟ ਅਤੇ ਇਕ ਕੰਪਿਊਟਰ ਅਪਰੇਟਰ ਸ਼ਾਮਲ ਹੈ।