ਕ੍ਰਿਕਟਰ ਸੁਰੇਸ਼ ਰੈਨਾ ਪਹੁੰਚੇ ਪੰਜਾਬ, ਹਸਪਤਾਲ ਪਹੁੰਚ ਪੁੱਛਿਆ ਭੂਆ ਦਾ ਹਾਲ, ਕੁਝ ਦਿਨਾਂ ਪਹਿਲਾਂ ਹੋਇਆ ਸੀ ਫੁੱਫੜ ਦਾ ਕਤਲ

0
7153

ਪਠਾਨਕੋਟ . ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਪਰਿਵਾਰ ’ਤੇ ਹਮਲਾ ਕਰਨ ਵਾਲਿਆਂ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹਮਲਾ ਇੱਕ ਕੌਮਾਂਤਰੀ ਲੁਟੇਰਾ ਗਿਰੋਹ ਨੇ ਕੀਤਾ ਸੀ, ਜਿਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ 11 ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਦੂਜੇ ਪਾਸੇ ਅੱਜ ਥਰਿਆਲ ਪਿੰਡ ਵਿੱਚ ਪਹੁੰਚੇ ਰੈਨਾ ਨੇ ਪਰਿਵਾਰ ’ਤੇ ਹੋਏ ਹਮਲੇ ਦੀ ਜਾਣਕਾਰੀ ਲਈ। ਰੈਨਾ ਨੇ ਫੁੱਫੜ ਦੇ ਛੋਟੇ ਬੇਟੇ ਨਾਲ ਮਿਲ ਕੇ ਉਸ ਦਾ ਹਾਲ-ਚਾਲ ਪੁੱਛਿਆ। ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਐੱਸਐੱਸਪੀ ਪਠਾਨਕੋਟ ਨੂੰ ਵੀ ਮਿਲ ਸਕਦੇ ਹਨ। ਰੈਨਾ ਦੇ ਦੌਰੇ ਨੂੰ ਲੈ ਕੇ ਪੁਲਿਸ ਨੇ ਥਰਿਆਲ ਪਿੰਡ ਵਿੱਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹੋਏ ਹਨ। ਰੈਨਾ ਨਾਲ ਉਨ੍ਹਾਂ ਦੇ ਭਰਾ ਦਿਨੇਸ਼, ਭਾਬੀ ਅਤੇ ਮਾਮੀ ਵੀ ਹੈ। ਰੈਨਾ ਨੇ ਘਰ ਵਿੱਚ ਆਪਣੀ ਭੂਆ ਦੇ ਪੁੱਤਰ ਅਪਿਨ ਕੁਮਾਰ ਅਤੇ ਉਨ੍ਹਾਂ ਦੀ ਸੱਸ ਸੱਤਿਆ ਦੇਵੀ ਨਾਲ ਗੱਲਬਾਤ ਕੀਤੀ। ਰੈਨਾ ਨੇ ਆਪਣੇ ਫੁੱਫੜ ਦੇ ਪੁੱਤਰ ਅਪਿਨ ਤੇ ਧੀ ਕੋਮਲ ਨੂੰ ਹੌਸਲਾ ਦਿੱਤਾ ਅਤੇ ਦਿਲਾਸਾ ਦਿੱਤਾ ਕਿ ਇਸ ਮੁਸ਼ਕਲ ਘੜੀ ਵਿੱਚ ਉਹ ਉਨ੍ਹਾਂ ਦੇ ਨਾਲ ਹਨ।

ਘਰ ਵਿੱਚ 50 ਮਿੰਟ ਦੇ ਕਰੀਬ ਰੁਕਣ ਤੋਂ ਬਾਅਦ ਉਹ ਆਪਣੀ ਭੂਆ ਆਸ਼ਾ ਰਾਣੀ, ਜੋਕਿ ਨਿੱਜੀ ਹਸਪਤਾਲ ਵਿੱਚ ਕੋਮਾ ਦੀ ਹਾਲਤ ਵਿੱਚ ਦਾਖਲ ਹੈ, ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੇ ਭਰਾ-ਭਾਬੀ ਅਤੇ ਮਾਮੀ ਵੀ ਸਨ। ਹਸਪਤਾਲ ਵਿੱਚ ਉਨ੍ਹਾਂ ਨੇ ਡਾਕਟਰਾਂ ਤੋਂ ਉਨ੍ਹਾਂ ਦੀ ਹਾਲਤ ਬਾਰੇ ਗੱਲਬਾਤ ਕੀਤੀ ਅਤੇ ਡਾਕਟਰਾਂ ਨੂੰ ਇਲਾਜ ਲਈ ਹਰ ਸੰਭਵ ਕੋਸ਼ਿਸ਼ ਕਰ ਲਈ ਕਿਹਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਬੇਨਤੀ ’ਤੇ ਐੱਸਆਈਟੀ ਦਾ ਗਠਨ ਕੀਤਾ ਅਤੇ ਦੋਸ਼ੀਆਂ ਤੱਕ ਪੁਲਸ ਪਹੁੰਚੀ। ਰੈਨਾ ਨੇ ਸਰਕਾਰ ਨੂੰ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਬੇਨਤੀ ਕੀਤੀ।