ਜਲੰਧਰ ਪੁਲਿਸ ਹੋਈ ਚੁਸਤ-ਦਰੁਸਤ : ਸ਼ਹਿਰ ਦੇ ਥਾਣਿਆਂ ਨੂੰ 10 SUV ਗੱਡੀਆਂ ਅਲਾਟ, ਅਪਰਾਧੀਆਂ ‘ਤੇ ਪੈਣਗੀਆਂ ਭਾਰੀ

0
92

ਜਲੰਧਰ, 20 ਜਨਵਰੀ | ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਵਿਗਿਆਨਕ ਲੀਹਾਂ ‘ਤੇ ਅਪਡੇਟ ਕਰਨ ਲਈ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਨੀਵਾਰ ਨੂੰ 10 ਨਵੀਆਂ ਐਸ.ਯੂ.ਵੀ ਮਹਿੰਦਰਾ ਬਲੈਰੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ਵਿਚ ਲੋਕਾਂ ਦੀ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਵਾਹਨ ਪੁਲਿਸ ਨੂੰ ਕਿਸੇ ਵੀ ਅਪਰਾਧ ਦੇ ਸਥਾਨ/ਘਟਨਾ ਦਾ ਤੁਰੰਤ ਮੌਕੇ ‘ਤੇ ਪਹੁੰਚ ਕੇ ਜਵਾਬ ਦੇਣ ਦੇ ਯੋਗ ਬਣਾਉਣਗੇ। ਸਵਪਨ ਸ਼ਰਮਾ ਨੇ ਕਿਹਾ ਕਿ ਇਹ ਕਦਮ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਪੁਲਿਸ ਦੇ ਆਧੁਨਿਕੀਕਰਨ ਅਤੇ ਨਵੀਨੀਕਰਨ ਵੱਲ ਇਕ ਹੋਰ ਕਦਮ ਹੈ।

ਉਨ੍ਹਾਂ ਕਿਹਾ ਕਿ ਇਹ ਸ਼ਹਿਰ ਵਿਚ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਵੱਲ ਇਕ ਕਦਮ ਹੈ। ਸ਼ਹਿਰ ਵਿਚ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਅੱਗੇ ਤੋਰਨ ਲਈ ਇਹ ਜ਼ਰੂਰੀ ਹੈ ਕਿ ਪੁਲਿਸ ਫੋਰਸ ਨੂੰ ਜਾਂਚ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਆਧੁਨਿਕ ਲੋੜਾਂ ਅਨੁਸਾਰ ਅਪਡੇਟ ਕੀਤਾ ਜਾਵੇ। ਸਵਪਨ ਸ਼ਰਮਾ ਨੇ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਰਾਜ ਦੀ ਪੁਲਿਸ ਨੂੰ ਵਿਗਿਆਨਕ ਲੀਹਾਂ ‘ਤੇ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਇਹ ਗੱਡੀਆਂ ਸ਼ਹਿਰ ਭਰ ਦੇ 10 ਥਾਣਿਆਂ ਨੂੰ ਅਲਾਟ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਪੀ.ਐਸ. ਡਵੀਜ਼ਨ ਨੰਬਰ 1, ਪੀ.ਐਸ. ਡਵੀਜ਼ਨ ਨੰਬਰ 2, ਪੀ.ਐਸ. ਡਵੀਜ਼ਨ ਨੰਬਰ 3, ਪੀ.ਐਸ. ਡਵੀਜ਼ਨ ਨੰਬਰ 4, ਪੀ.ਐਸ. ਡਵੀਜ਼ਨ ਨੰਬਰ 6, ਪੀ.ਐਸ ਡਵੀਜ਼ਨ ਨੰਬਰ 7, ਪੀ.ਐਸ. ਨਵੀਂ ਬਾਰਾਦਰੀ, ਪੀ.ਐਸ ਭਾਰਗੋ ਕੈਂਪ, ਪੀ.ਐਸ ਕੈਂਟ ਅਤੇ ਪੀ.ਐਸ ਬਸਤੀ ਬਾਵਾ ਖੇਲ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਸ ਅਪਗ੍ਰੇਡ ਨਾਲ ਪੁਲਿਸ ਹੁਣ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਤਿਆਰ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਟ੍ਰੈਫਿਕ ਸਟਾਫ ਅਤੇ ਪੀਸੀਆਰ ਸਟਾਫ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ (ERS) ਵਿਚ ਮਿਲਾ ਦਿੱਤਾ ਗਿਆ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਈਆਰਐਸ ਛਤਰੀ ਹੇਠ ਤਾਇਨਾਤ ਸਟਾਫ਼ ਨੂੰ ਸ਼ੋਲਡਰ ਬੈਜ ਜਾਰੀ ਕੀਤੇ ਗਏ ਹਨ, ਜੋ ਇਕ ਇਨ੍ਹਾਂ ਨੂੰ ਦੂਰ ਤੋਂ ਵੱਖਰੀ ਪਛਾਣ ਦੇਣ ਦਾ ਕੰਮ ਕਰਦੇ ਹਨ।