ਜਲੰਧਰ . ਸ਼ਹਿਰ ਵਿੱਚ ਅੱਜ 41 ਹੋਰ ਮਰੀਜ਼ਾਂ ਜੋ ਕੋਵਿਡ-19 ਤੋਂ ਪ੍ਰਭਾਵਿਤ ਸਨ, ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਇਨ੍ਹਾਂ ਵਿੱਚ ਸੱਤ ਸਥਾਨਕ ਸਿਵਲ ਹਸਪਤਾਲ, 11 ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ, ਦੋ ਮਿਲਟਰੀ ਤੇ ਇਕ ਬੀ.ਐਸ.ਐਫ. ਹਸਪਤਾਲ, ਨੌ ਪ੍ਰਾਈਵੇਟ ਹਸਪਤਾਲ ਤੋਂ ਸ਼ਾਮਿਲ ਹਨ ਜਿਨ੍ਹਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ।
ਇਸ ਤੋਂ ਇਲਾਵਾ 11 ਮਰੀਜ਼ਾਂ ਵਲੋਂ ਅਪਣਾ ਘਰ ਵਿੱਚ ਇਕਾਂਤਵਾਸ ਦਾ ਸਮਾਂ ਪੂਰਾ ਕੀਤਾ ਗਿਆ। ਇਸ ਤਰ੍ਹਾਂ ਹੁਣ ਤੱਕ ਜ਼ਿਲ੍ਹੇ ਵਿੱਚ 2335 ਮਰੀਜ਼ਾਂ ਵਲੋਂ ਕੋਵਿਡ-19 ‘ਤੇ ਜਿੱਤ ਹਾਸਿਲ ਕੀਤੀ ਜਾ ਚੁੱਕੀ ਹੈ।
ਠੀਕ ਹੋਏ ਮਰੀਜ਼ਾਂ ਵਲੋਂ ਡਾਕਟਰਾਂ, ਨਰਸਾਂ ਅਤੇ ਸਿਹਤ ਵਰਕਰਾਂ ਵਲੋਂ ਉਨਾਂ ਦੇ ਇਲਾਜ ਦੌਰਾਨ ਕੀਤੀ ਗਈ ਮਿਹਨਤ, ਲਗਨ ਅਤੇ ਵਚਨਬੱਧਤਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਉਨ੍ਹਾਂ ਦੇ ਇਲਾਜ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਗਈ।
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਠੋਸ ਉਪਰਾਲਿਆਂ ਕਰਨ ਦੇ ਨਾਲ ਨਾਲ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਰਾਜ ਵਿੱਚ ਟੈਸਟ ਕਰਨ ਦੀ ਸਮਰੱਥਾ ਨੂੰ ਵਧਾਉਣ ਤੋਂ ਇਲਾਵਾ ਸਿਹਤ ਸੰਭਾਵ ਸਹੂਲਤਾਂ ਨੂੰ ਵੀ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ।
ਥੋਰੀ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੋਵਿਡ-19 ਲਾਗ ਨੂੰ ਫੈਲਣ ਤੋਂ ਰੋਕਣ ਲਈ ਟੈਸਟ, ਸ਼ਨਾਖਤ ਅਤੇ ਇਲਾਜ ਦੀ ਰਣਨੀਤੀ ਨੂੰ ਅਪਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਦਿਨ ਦੂਰ ਨਹੀਂ ਜਦੋਂ ਜਲੰਧਰ ਪੂਰੀ ਤਰ੍ਹਾਂ ਕੋਵਿਡ-19 ਮੁਕਤ ਬਣ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦੌਰਾਨ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਲਾਗ ਤੋਂ ਕੀਮਤੀ ਜਾਨਾਂ ਬਚਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਾਸਕ ਪਾਉਣ ਨਾਲ ਬਿਮਾਰੀ ਦੀ ਲਾਗ ਲੱਗਣ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਜਰੂਰ ਪਾਉਣ ਦੀ ਅਪੀਲ ਕੀਤੀ।