ਕੋਰੋਨਾ ਦੀ ਦੂਜੀ ਲਹਿਰ ਵੀ ਪਈ ਠੰਡੀ, ਜਲੰਧਰ ਦੇ ਕੋਵਿਡ ਕੇਅਰ ਸੈਂਟਰਾਂ ’ਚ 75 ਫੀਸਦੀ ਬੈਡ ਹੋਏ ਖ਼ਾਲੀ

0
2218

ਜਲੰਧਰ | ਜ਼ਿਲ੍ਹੇ ਵਿੱਚ ਪਿਛਲੇ ਢਾਈ ਮਹੀਨਿਆਂ ਦੌਰਾਨ ਕੋਵਿਡ ਕੇਸਾਂ ਦੀ ਗਿਣਤੀ ਵਿੱਚ ਰਿਕਾਰਡ ਕਮੀ ਸਾਹਮਣੇ ਆਈ ਹੈ। ਇਸ ਸਦਕਾ ਜ਼ਿਲ੍ਹੇ ਭਰ ਦੇ ਕੋਵਿਡ ਸੰਭਾਲ ਹਸਪਤਾਲਾਂ ਵਿੱਚ 75 ਫੀਸਦੀ ਬੈਡ ਖਾਲੀ ਹੋ ਗਏ ਹਨ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਕੋਵਿਡ ਸੰਭਾਲ ਸਹੂਲਤਾਂ ਵਿੱਚ 2000 ਬੈਡਾਂ ਦਾ ਇੰਤਜ਼ਾਮ ਕੀਤਾ ਗਿਆ ਸੀ, ਜਿਸ ਵਿਚੋਂ ਹੁਣ 1500 ਬੈਡ (75 ਫੀਸਦੀ) ਖਾਲੀ ਪਏ ਹਨ।

ਬੈਡਾਂ ਦੇ ਮਾਮਲੇ ਵਿੱਚ ਹੀ ਨਹੀਂ ਜ਼ਿਲ੍ਹੇ ਵਿੱਚ ਲਗਤਾਰ ਕੋਵਿਡ ਕਰਕੇ ਹੋਣ ਵਾਲੀ ਮੌਤ ਦਰ ਵਿੱਚ ਵੀ ਸੁਧਾਰ ਹੋ ਰਿਹਾ ਹੈ ਜਿਸ ਸਦਕਾ ਜ਼ਿਲ੍ਹਾ ਜਲੰਧਰ ਸੂਬੇ ਭਰ ਦੇ 22 ਜਿਲਿਆਂ ਦੇ ਸੀਐਫਆਰ ਇੰਡੈਕਸ ਵਿੱਚ 18ਵੇਂ ਸਥਾਨ ’ਤੇ ਆ ਗਿਆ ਹੈ। ਤਾਜ਼ਾ ਰਿਪੋਰਟ ਮੁਤਾਬਿਕ ਜਲੰਧਰ ਜ਼ਿਲ੍ਹੇ ਵਿੱਚ ਕੋਵਿਡ ਕਰਕੇ ਹੋਣ ਵਾਲੀ ਮੌਤ ਦਰ 2.30 ਫੀਸਦੀ ਹੈ। ਜ਼ਿਲ੍ਹੇ ਵਿੱਚ 60733 ਪਾਜ਼ੀਟਿਵ ਕੇਸ ਸਾਹਮਣੇ ਆਏ ਸਨ ਜਿਨਾਂ ਵਿਚੋਂ 1394 ਮੌਤਾਂ ਹੋਈਆਂ ਹਨ।

ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਆ ਰਹੀ ਕਮੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਰਥਿਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਬੰਦੀਆਂ ਨੂੰ ਹਟਾਉਂਦਿਆਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 5 ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲਣ ਦੀ ਇਜ਼ਾਜ਼ਤ ਦਿੱਤੀ ਗਈ ਹੈ।

ਡੀਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਜਿਹੀਆਂ ਪਾਬੰਦੀਆਂ ਦੁਬਾਰਾ ਲਗਾਉਣ ਦੀ ਲੋੜ ਨਾ ਪਵੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।