ਜਲੰਧਰ . ਕੋਰੋਨਾਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ 15 ਮਾਰਚ ਤੋਂ ਵਿਆਹਾਂ ਲਈ ਸ਼ਰਾਬ ਦੇਣ ਲਈ ਪਰਮਿਟ ਬਣਾਉਣੇ ਬੰਦ ਕਰ ਦਿੱਤੇ ਸਨ ਤੇ ਵਿਆਹ ਸਮਾਗਮ ਅੱਧ ਮਾਰਚ ਤੋਂ ਬੰਦ ਹੋ ਗਏ ਸਨ। ਪੰਜਾਬ ਵਿਚ ਗਿਆਰਾਂ ਸੌ ਰਜਿਸਟਰਡ ਮੈਰਿਸ ਪੈਲੇਸ ਹਨ ਤੇ ਚਾਰ ਸੌ ਦੇ ਕਰੀਬ ਛੋਟੇ ਅਣਰਜਿਸਟਰਡ ਮੈਰਿਜ ਪੈਲੇਸ ਹਨ। ਇਕ ਅੰਦਾਜੇ ਮੁਤਾਬਕ ਵਿਆਹ ਬੰਦ ਹੋਣ ਕਰਕੇ 31 ਮਾਰਚ ਤਕ ਮੈਰਿਜ ਪੈਲੇਸ ਮਾਲਕਾਂ ਨੂੰ ਪੰਜਾਹ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਸੂਬੇ ਦੇ ਸ਼ਰਾਬ ਗੇ ਠੇਕਦਾਰਾਂ ਨੂੰ ਵਿਆਹ ਅਤੇ ਰੋਜਾਨਾਂ ਦੀ ਵਿਕਰੀ ਬੰਦ ਹੋਣ ਕਰਕੇ ਭਾਰੀ ਨੁਕਸਾਨ ਉਠਾਉਣਾ ਪਿਆ ਹੈ।
ਸੂਬੇ ਵਿਚ ਰੋਜਾਨਾਂ 15 ਕਰੋੜ ਰੁਪਏ ਦੀ ਸ਼ਰਾਬ ਵਿਕਦੀ ਸੀ ਤੇ ਪਿਛਲੇ ਦਸ ਦਿਨਾਂ ਤੋਂ ਠੇਕੇ ਬੰਦ ਹਨ ਤੇ ਦਸ ਦਿਨਾਂ ਵਿਚ ਹੀ 150 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ ਤੇ ਵਿਆਹਾਂ ਲਈ ਪੰਦਰਾਂ ਦਿਨਾਂ ਤੋਂ ਸ਼ਰਾਬ ਨਹੀਂ ਵਿਕੀ ਅਤੇ ਅਗਲੇ ਮਹੀਨੇ ਵਿਕਣ ਦੀ ਉਮੀਦ ਘੱਟ ਹੈ ਤੇ ਇਸ ਲਈ ਸ਼ਰਾਬ ਤੋਂ ਕਾਫੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸੂਬੇ ਦੇ ਠੇਕੇਦਾਰਾਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਰਫਿਊ ਵਿਚ ਢਿੱਲ ਸਮੇਂ ਦੋ ਘੰਟੇ ਠੇਕੇ ਖੋਲ੍ਹਣ ਦੀ ਮੋਹਲਤ ਦਿੱਤੀ ਜਾਵੇ।
ਪਾਮਜ਼ ਜੀਰਕਪੁਰ ਮੈਰਿਜ ਪੈਲੇਸ ਦੇ ਮਾਲਕ ਸੰਦੀਪ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਮਾਰਚ ਮਹੀਨੇ ਵਿਚ ਦਸ ਦੇ ਕਰੀਬ ਵਿਆਹਾਂ ਦੇ ਸਮਾਗਮ ਸਨ ਤੇ 14 ਮਾਰਚ ਤੋਂ ਬਾਅਦ ਕੋਈ ਵਿਆਹ ਨਹੀਂ ਹੋ ਸਕਿਆ ਤੇ ਅਪ੍ਰੈਲ ਮਹੀਨੇ ਲਈ ਹੋਈ ਬੁਕਿੰਗ ਵੀ ਰੱਦ ਕਰਨੀ ਪੈ ਰਹੀ ਹੈ। ਹਾਲ ਇਹ ਹਨ ਕਿ ਹਰ ਮੈਰਿਜ਼ ਪੈਲੇਸ ਦੀ ਮਾਰਚ ਮਹੀਨੇ ਵਿਚ ਹੀ ਅੱਠ ਤੋਂ ਲੈ ਕੇ ਦਸ ਵਿਆਹਾਂ ਦੇ ਸਮਾਗਮਾਂ ਦੀ ਬੁਕਿੰਗ ਸੀ ਜਿਹੜੀ ਰੱਦ ਕਰਨੀ ਪਈ ਹੈ। ਵਿਆਹ ਰੱਦ ਕਰਨ ਨਾਲ ਕੇਵਲ ਮੈਰਿਜ਼ ਪੈਲੇਸ ਨੂੰ ਹੀ ਨਹੀਂ ਸਗੋਂ ਕੈਟਰਿੰਗ ਸਰਵਿਸ, ਸਜਾਵਟ,ਗੀਤ ਸੰਗੀਤ ਡੀਜੇ ਵਾਲਿਆਂ,ਫੋਟੋਗ੍ਰਾਫਰਾਂ, ਢੋਲੀਆਂ ਆਦਿ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਰੋਜਾਨਾਂ ਦਿਹਾੜੀ ਕੇ ਕਾਫੀ ਸਟਾਫ ਆਉਦਾ ਸੀ ਉਹ ਵੀ ਰੋਟੀ ਤੋਂ ਅਵਾਜਾਰ ਹੋ ਗਿਆ ਹੈ।
ਖਰੜ ਦੇ ਇਕ ਪਰਿਵਾਰ ਨੇ ਆਪਣੇ ਲੜਕੇ ਦੇ ਵਿਆਹ ਲਈ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਸਨ ਪਰ ਹਾਲਾਤ ਖਰਾਬ ਹੋਣ ਕਰਕੇ ਵਿਆਹ ਰੱਦ ਕਰਨਾ ਪਿਆ। ਉਨ੍ਹਾਂ ਨੂੰ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਵਿਆਹ ਗੁਰੂਦੁਆਰਾ ਸਾਹਿਬ ਵਿਚ ਕਰ ਲਿਆ ਜਾਵੇ ਪਰ ਲਾੜਾ ਤੇ ਲਾੜੀ ਨਹੀਂ ਮੰਨੇ। ਕਿਉਂਕਿ ਉਹ ਧੂਮਧਾਮ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਇਸੇ ਤਰ੍ਹਾਂ ਨਵਾਂਸ਼ਹਿਰ ਦੇ ਨੇੜਲੇ ਪਿੰਡ ਦੇ ਇਕ ਮੁੰਡੇ ਨੇ ਆਪਣੇ ਵਿਆਹ ਉਤੇ ਕਈ ਰਿਸ਼ਤੇਦਾਰਾਂ ਨੂੰ ਬੁਲਾਇਆ ਪਰ ਨਵਾਂਸ਼ਹਿਰ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਹੋਣ ਤੇ ਬਹੁਤ ਘੱਟ ਰਿਸ਼ਤੇਦਾਰ ਵਿਆਹ ਤੇ ਪਹੁੰਚੇ ਤੇ ਮੁੰਡੇ ਵਾਲਿਆਂ ਦਾ ਕਾਫੀ ਨੁਕਸਾਨ ਹੋ ਗਿਆ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।