Corona Vaccine : ਹੁਣ 2 ਦੀ ਬਜਾਏ ਲਗਾਉਣੇ ਪੈਣਗੇ 3 ਟੀਕੇ, ਜਾਣੋ ਵਜ੍ਹਾ

0
2929

ਵਾਸ਼ਿੰਗਟਨ | ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਕਰਕੇ ਬੇਹੱਦ ਪ੍ਰੇਸ਼ਾਨ ਲੋਕਾਂ ਨੂੰ ਵੈਕਸੀਨ ਨਾਲ ਕੁਝ ਆਸ ਬੱਝੀ ਸੀ ਪਰ ਹੁਣ 3 ਖੁਰਾਕਾਂ ਲੈਣ ਦੀ ਲੋੜ ਬਾਰੇ ਵਿਚਾਰ ਵੀ ਉਠਣੇ ਸ਼ੁਰੂ ਹੋ ਗਏ ਹਨ। ਅਮਰੀਕੀ ਡਾਕਟਰ ਤੇ ਯੂਐੱਸਏ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਮੈਡੀਕਲ ਸਲਾਹਕਾਰ ਐਂਥਨੀ ਫੌਸੀ ਨੇ ਵੈਕਸੀਨ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੂਰਨ ਟੀਕਾਕਰਨ ਲਈ ਤੀਜੀ ਡੋਜ਼ ਦੀ ਲੋੜ ਹੋਵੇਗੀ।

3 ਖੁਰਾਕਾਂ ਲੈਣਾ ਹੋ ਸਕਦਾ ਹੈ ਲਾਜ਼ਮੀ : ਫੌਸੀ

ਵ੍ਹਾਈਟ ਹਾਊਸ ਦੀ ਪ੍ਰੈੱਸ ਬ੍ਰੀਫਿੰਗ ਵਿੱਚ ਐਂਥਨੀ ਫੌਸੀ ਨੇ ਕਿਹਾ, “ਵੈਕਸੀਨ ਦੀਆਂ 3 ਖੁਰਾਕਾਂ ਲੈਣਾ ਹੁਣ ਲਾਜ਼ਮੀ ਹੋ ਸਕਦਾ ਹੈ। ਇਸ ਨਾਲ ਇਮਿਊਨਿਟੀ ਵਧਾਉਣ ਵਿੱਚ ਮਦਦ ਮਿਲੇਗੀ। ਦੇਸ਼ ਉਨ੍ਹਾਂ ਸਾਰੇ ਅਮਰੀਕੀਆਂ ਲਈ ਬੂਸਟਰ ਤਿਆਰ ਕਰ ਰਿਹਾ ਹੈ, ਜਿਨ੍ਹਾਂ ਆਪਣੀ ਦੂਜੀ ਖ਼ੁਰਾਕ ਦੇ 5 ਤੋਂ 8 ਮਹੀਨਿਆਂ ਵਿੱਚ ਫਾਈਜ਼ਤ ਤੇ ਮਾਡਰਨਾ ਦੇ ਐੱਮਆਰਐੱਨਏ ਟੀਕੇ ਲੱਗੇ ਹਨ। ਇਕ ਇਮਿਊਨਿਟੀ ਵਿਗਿਆਨੀ ਵਜੋਂ ਮੈਂ ਆਪਣੇ ਤਜਰਬੇ ਤੋਂ ਇਹ ਕਹਿਣ ‘ਚ ਬਿਲਕੁਲ ਨਹੀਂ ਝਿਜਕਦਾ ਕਿ ਪੂਰਨ ਟੀਕਾਕਰਨ ਲਈ ਹੁਣ 3 ਖੁਰਾਕਾਂ ਲੋੜੀਂਦੀਆਂ ਹੋਣਗੀਆਂ।”

175 ਮਿਲੀਅਨ ਅਮਰੀਕੀਆਂ ਨੂੰ ਮਿਲ ਚੁੱਕੀਆਂ ਹਨ ਦੋਵੇਂ ਖੁਰਾਕਾਂ

ਅਮਰੀਕਾ ਦੀ ਨਵੀਂ ਯੋਜਨਾ ਦਾ ਉਦੇਸ਼ ਅਮਰੀਕੀਆਂ ਨੂੰ ਫਾਈਜ਼ਰ ਜਾਂ ਮਾਡਰਨਾ ਟੀਕਿਆਂ ਦੀ ਦੂਜੀ ਡੋਜ਼ ਮਿਲਣ ਦੇ 8 ਮਹੀਨਿਆਂ ਮਗਰੋਂ ਤੀਜੀ ਖੁਰਾਕ ਉਪਲਬਧ ਕਰਵਾਉਣਾ ਹੈ। ਹਾਲਾਂਕਿ, ਫੌਸੀ ਨੇ ਕਿਹਾ ਹੈ ਕਿ ਖਾਧ ਤੇ ਜੜੀ-ਬੂਟੀ ਪ੍ਰਸ਼ਾਸਨ ਨੇ ਇਸ ਬਾਰੇ ਆਖਰੀ ਫੈਸਲਾ ਲੈਣਾ ਹੈ।

ਐਂਥਨੀ ਫੌਸੀ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਸੀਜ਼ ਦੇ ਨਿਰਦੇਸ਼ਨ ਵੀ ਹਨ। ਵ੍ਹਾਈਟ ਹਾਊਸ ਦੇ ਅੰਕੜਿਆਂ ਮੁਤਾਬਕ 175 ਮਿਲੀਅਨ ਅਮਰੀਕੀਆਂ ਨੂੰ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਕ ਮਹੀਨਾ ਪਹਿਲਾਂ ਦੇ ਮੁਕਾਬਲੇ ਇਸ ਵਾਰ 10 ਮਿਲੀਅਨ ਵਧੇਰੇ ਖੁਰਾਕਾਂ ਦਿੱਤੀਆਂ ਗਈਆਂ ਹਨ।