ਜਲੰਧਰ | ਆਉਣ ਵਾਲੇ ਹਫਤਿਆਂ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਤਿੰਨ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੀ ਸੰਸਥਾਵਾਂ ਵਿੱਚ ਲੈਵਲ-II ਅਤੇ ਲੈਵਲ-III ਕੋਵਿਡ ਦੇ ਮਰੀਜ਼ਾਂ ਲਈ ਬੈੱਡਾਂ ਦੀ ਸਮਰੱਥਾ ਘੱਟੋ ਘੱਟ 50 ਫੀਸਦੀ ਤੱਕ ਵਧਾਉਣ ਦੀ ਅਪੀਲ ਕੀਤੀ ਹੈ।
ਕੋਰੋਨਾ ਦੇ ਤਾਜ਼ਾ ਵਾਧੇ ਨਾਲ ਨਜਿੱਠਣ ਲਈ ਸਿਹਤ ਸੰਸਥਾਵਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਨੇ ਕੈਪੀਟੋਲ ਹਸਪਤਾਲ, ਸ਼੍ਰੀਮਨ ਹਸਪਤਾਲ ਅਤੇ ਐਨਐਚਐਸ ਹਸਪਤਾਲ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡੀਸੀ ਥੋਰੀ ਨੇ ਦੱਸਿਆ- ਜਲੰਧਰ ਦੇ 51 ਪ੍ਰਾਈਵੇਟ ਹਸਪਤਾਲਾਂ ਵਿੱਚ 575 ਲੈਵਲ- II ਅਤੇ 253 ਲੈਵਲ-III ਦੇ ਬੈੱਡ ਹਨ, ਜਿਨ੍ਹਾਂ ਵਿੱਚੋਂ 467 ਲੈਵਲ-II ਅਤੇ 192 ਲੈਵਲ- III ਬੈੱਡ ਅਜੇ ਵੀ ਇਨ੍ਹਾਂ ਸੰਸਥਾਵਾਂ ਵਿੱਚ ਉਪਲਬਧ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੂਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਦੀ ਬੈੱਡਾਂ ਦੀ ਸਮਰੱਥਾ ਵਧਾਉਣ ਦੀ ਜ਼ਰੂਰਤ ਹੈ ਤਾਂ ਜੋ ਮਰੀਜ਼ਾਂ ਦਾ ਮਿਆਰੀ ਇਲਾਜ ਯਕੀਨੀ ਬਣਾਇਆ ਜਾ ਸਕੇ।
ਐਨਐਚਐਸ ਹਸਪਤਾਲ ਦੇ ਡਾ. ਸੰਦੀਪ ਗੋਇਲ ਨੇ ਦੱਸਿਆ ਕਿ ਸਾਡੇ ਕੋਲ ਇਸ ਵੇਲੇ ਹਸਪਤਾਲ ਵਿੱਚ ਲੈਵਲ- III ਦੇ 16 ਬੈੱਡ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਹੈ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਕੋਵਿਡ ਦੀ ਦੂਜੀ ਲਹਿਰ ਆਉਂਦੀ ਹੈ ਤਾਂ ਅਸੀਂ 70 ਬੈੱਡਾਂ ਤੱਕ ਸਮਰੱਥਾ ਨੂੰ ਵਧਾ ਸਕਦੇ ਹਾਂ।
ਕੈਪੀਟੋਲ ਹਸਪਤਾਲ ਦੇ ਡਾ. ਹਰਨੂਰ ਪਰੂਥੀ ਅਤੇ ਸ਼੍ਰੀਮਨ ਹਸਪਤਾਲ ਦੇ ਡਾ. ਵੀਪੀ ਸ਼ਰਮਾ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ ਅਤੇ ਆਪਣੇ ਹਸਪਤਾਲਾਂ ਵਿੱਚ ਲੈਵਲ- III ਅਤੇ ਲੈਵਲ- II ਦੇ ਬੈੱਡਾਂ ਦੀ ਸਮਰੱਥਾ ਨੂੰ ਦੁੱਗਣਾ ਕਰਨ ਲਈ ਤਿਆਰ ਰਹਿਣਗੇ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਯੋਤੀ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਕੋਵਿਡ ਦਾ ਇਲਾਜ ਕਰਨ ਵਾਲੇ ਸਾਰੇ ਪ੍ਰਾਈਵੇਟ ਹਸਪਤਾਲਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਲਾਗ ਦੇ ਤਾਜ਼ਾ ਵਾਧੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਵੇਗਾ।