ਲੰਗਾਹ ਦੇ ਫਿਰ ‘ਸੁੱਚੇ’ ਹੋਣ ‘ਤੇ ਛਿੜਿਆ ਵਿਵਾਦ

0
1249

ਗੁਰਦਾਸਪੁਰ . ਸਾਬਕਾ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ‘ਤੇ ਇੱਕ ਵਾਰ ਫਿਰ ਰਾਜਨੀਤੀ ਸ਼ੁਰੂ ਹੋ ਗਈ ਹੈ। ਲੰਗਾਹ ਦੀ ਚੁੱਪ-ਚੁਪੀਤੇ ਪੰਥ ਵਾਪਸੀ ਮਗਰੋਂ ਕੁਝ ਸੰਗਠਨ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਏ ਹਨ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਸ਼ਿਕਾਇਤ ਕੀਤੀ ਹੈ।

ਦੱਸ ਦਈਏ ਕਿ ਲੰਗਾਹ ਦੀ ਇੱਕ ਮਹਿਲਾ ਕਾਂਸਟੇਬਲ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਵੱਲੋਂ ਉਸ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਹੁਣ ਲੰਗਾਹ ਨੂੰ ਗੁਰੂਘਰ ਵਿੱਚ ਦੁਬਾਰਾ ਅੰਮ੍ਰਿਤ ਛਕਾ ਕੇ ਮੁੜ ਪੰਥ ‘ਚ ਵਾਪਸੀ ਕਰਵਾਈ ਗਈ ਹੈ। ਇਸ ਕਰਕੇ ਅੱਜ ਸਿੱਖ ਸੰਸਥਾਵਾਂ ਵੱਲੋਂ ਇਸ ਬਾਰੇ ਸ਼ਿਕਾਇਤ ਜਥੇਦਾਰ ਅਕਾਲ ਤਖ਼ਤ ਕੋਲ ਪਹੁੰਚੀ ਹੈ। ਇਸ ‘ਤੇ ਜਥੇਦਾਰ ਅਕਾਲ ਤਖ਼ਤ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ‘ਤੇ ਕਾਰਵਾਈ ਕਰਨਗੇ। ਜੇਕਰ ਕਿਸੇ ਨੂੰ ਸ਼੍ਰੀ ਅਕਾਲ ਤਖ਼ਤ ਤੋਂ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਤਾਂ ਉਸ ਦੀ ਮੁੜ ਵਾਪਸੀ ਵੀ ਸ਼੍ਰੀ ਅਕਾਲ ਤਖ਼ਤ ਹੀ ਕਰਵਾ ਸਕਦਾ ਹੈ।

ਉਧਰ ਅਸ਼ਲੀਲ ਵੀਡੀਓ ਮਾਮਲੇ ‘ਚ ਫਸੇ ਲੰਗਾਹ ਨੂੰ ਧਾਰਮਿਕ ਸਜ਼ਾ ਦੇਣ ਤੇ ਅੰਮ੍ਰਿਤ ਛਕਾਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਵਿਖੇ ਗੁਰਦੁਆਰਾ ਸਾਹਿਬ ਦੇ ਇੰਚਾਰਜ ਯਸ਼ਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਤੇ ਕਥਾਵਾਚਕ ਹਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ।