ਨਵੀਂ ਦਿੱਲੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਵਾਂ ਸੰਸਦ ਭਵਨ ਭਾਰਤ ਨੂੰ ਸਮਰਪਿਤ ਕੀਤਾ ਅਤੇ ਨਵੀਂ ਸੰਸਦ ਦਾ ਉਦਘਾਟਨ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਹਾਲਾਂਕਿ, ਵਿਰੋਧੀ ਨੇਤਾ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਕਿ ਉਦਘਾਟਨ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਸੀ ਨਾ ਕਿ ਪੀ.ਐੱਮ. ਮੋਦੀ ਨੂੰ।
ਵਿਰੋਧੀ ਪਾਰਟੀਆਂ ਭਾਜਪਾ ਅਤੇ ਪੀਐਮ ਮੋਦੀ ‘ਤੇ ਲਗਾਤਾਰ ਜ਼ੁਬਾਨੀ ਹਮਲੇ ਕਰ ਰਹੀਆਂ ਹਨ। ਇਸ ਵਿਚਾਲੇ ਕਾਂਗਰਸ ਨੇਤਾ ਅਚਾਰੀਆ ਪ੍ਰਮੋਦ ਕ੍ਰਿਸ਼ਨਮ ਦਾ ਅਜਿਹਾ ਬਿਆਨ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਮੋਦ ਕ੍ਰਿਸ਼ਨਮ ਨੇ ਬਿਨਾਂ ਕਿਸੇ ਦਾ ਨਾਮ ਲਏ ਟਵੀਟ ਕੀਤਾ ਹੈ।

ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਟਵੀਟ ‘ਚ ਲਿਖਿਆ, ‘ਧਰਮ ਦੰਡ’ ਦੀ ਸਥਾਪਨਾ ਹੋ ਗਈ ਹੈ। ‘ਦੇਵਤਾ ਪੁਸ਼ਪ ਬਰਸਾਨੇ ਲਗੇ ਔਰ ਗਧੇ ਚਿੱਲਾਨੇ ਲਗੇ’ (ਦੇਵਤੇ ‘ਫੁੱਲਾਂ’ ਦੀ ਵਰਖਾ ਕਰਨ ਲੱਗੇ ਤੇ ‘ਗਧੇ’ ਰੌਲਾ ਪਾਉਣ ਲੱਗੇ।)

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਮੋਦ ਕ੍ਰਿਸ਼ਨਮ ਨੇ ਪੀਐਮ ਮੋਦੀ ਦੁਆਰਾ ਸੰਸਦ ਭਵਨ ਦੇ ਉਦਘਾਟਨ ਦਾ ਸਮਰਥਨ ਕੀਤਾ ਸੀ। ਦਰਅਸਲ ਜਦੋਂ ਵਿਰੋਧੀ ਧਿਰ ਦੇ ਸਾਰੇ ਲੋਕ ਰਾਸ਼ਟਰਪਤੀ ਤੋਂ ਸੰਸਦ ਭਵਨ ਦਾ ਉਦਘਾਟਨ ਕਰਨ ਦੀ ਮੰਗ ‘ਤੇ ਅੜੇ ਹੋਏ ਸਨ ਤਾਂ ਪ੍ਰਮੋਦ ਕ੍ਰਿਸ਼ਨਮ ਨੇ ਕਿਹਾ ਸੀ ਕਿ ਜੇ ਭਾਰਤ ਦੇ ਪ੍ਰਧਾਨ ਮੰਤਰੀ ਸੰਸਦ ਭਵਨ ਦਾ ਉਦਘਾਟਨ ਨਹੀਂ ਕਰਨਗੇ ਤਾਂ ਕੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਰਨਗੇ?
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤ ਦੀ ਸੰਸਦ ਦੇਸ਼ ਦੀ ਵਿਰਾਸਤ ਹੈ, ਭਾਜਪਾ ਦੀ ਨਹੀਂ… ਜੇ ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਦੀ ਸੰਸਦ ਦਾ ਉਦਘਾਟਨ ਨਹੀਂ ਕਰਨਗੇ ਤਾਂ ਕੌਣ ਕਰੇਗਾ?
ਇੰਨਾ ਹੀ ਨਹੀਂ, ਪ੍ਰਮੋਦ ਕ੍ਰਿਸ਼ਨਮ ਨੇ ਵਿਰੋਧੀ ਪਾਰਟੀਆਂ ਨੂੰ ਸੰਸਦ ਦੇ ਉਦਘਾਟਨ ਪ੍ਰੋਗਰਾਮ ਦੇ ਬਾਈਕਾਟ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਤੁਸੀਂ ਨਰਿੰਦਰ ਮੋਦੀ ਦਾ ਵਿਰੋਧ ਕਰ ਸਕਦੇ ਹੋ, ਪਰ ਦੇਸ਼ ਦਾ ਵਿਰੋਧ ਕਰਨਾ ਠੀਕ ਨਹੀਂ ਹੈ। ਸੰਸਦ ਪੂਰੇ ਭਾਰਤ ਦੀ ਹੈ ਅਤੇ ਕਿਸੇ ਵਿਸ਼ੇਸ਼ ਪਾਰਟੀ ਨਾਲ ਸਬੰਧਤ ਨਹੀਂ ਹੈ। ਦੇਸ਼ ਦੀ ਸੰਸਦ ਨੂੰ ਭਾਜਪਾ ਦਾ ਮੰਨਣਾ ਗਲਤ ਹੈ।