ਨਵੀਂ ਦਿੱਲੀ | ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਵਿਰੋਧ ‘ਚ ਐਤਵਾਰ ਨੂੰ ਕਾਂਗਰਸ ਦੇਸ਼ ਭਰ ‘ਚ ਸੰਕਲਪ ਸੱਤਿਆਗ੍ਰਹਿ ਕਰ ਰਹੀ ਹੈ। ਪਾਰਟੀ ਦੇ ਵੱਡੇ ਆਗੂ ਅਤੇ ਵਰਕਰ ਸਵੇਰੇ 10 ਵਜੇ ਤੋਂ ਸਾਰੇ ਰਾਜਾਂ ਵਿਚ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਪ੍ਰਦਰਸ਼ਨ ਕਰ ਰਹੇ ਹਨ।
ਭਾਵੇਂ ਦਿੱਲੀ ਪੁਲਿਸ ਨੇ ਇਥੇ ਧਾਰਾ 144 ਲਾਗੂ ਕਰ ਦਿੱਤੀ ਹੈ ਪਰ ਕਾਂਗਰਸੀ ਆਗੂ ਤੇ ਵਰਕਰਾਂ ਦਾ ਇਥੇ ਆਉਣਾ ਜਾਰੀ ਹੈ। ਪ੍ਰੋਗਰਾਮ ਸ਼ਾਮ 5 ਵਜੇ ਤਕ ਹੋਵੇਗਾ। ਦਿੱਲੀ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਵੀ ਸੰਕਲਪ ਸੱਤਿਆਗ੍ਰਹਿ ਵਿਚ ਸ਼ਾਮਲ ਹੋਣ ਲਈ ਰਾਜਘਾਟ ਪਹੁੰਚੇ ਹਨ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਜੈਰਾਮ ਰਮੇਸ਼ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਘਰ ਪਹੁੰਚੇ ਹਨ। ਦਿੱਲੀ ਪੁਲਿਸ ਮੁਤਾਬਕ ਕਾਂਗਰਸ ਨੂੰ ਰਾਜਘਾਟ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ, ਜਿਥੇ ਧਾਰਾ 144 ਲਾਗੂ ਹੈ।
ਰਾਹੁਲ ਦੀ ਸੰਸਦ ਦੀ ਮੈਂਬਰਸ਼ਿਪ ਸ਼ੁੱਕਰਵਾਰ ਨੂੰ ਖਤਮ ਕਰ ਦਿੱਤੀ ਗਈ ਸੀ। ਲੋਕ ਸਭਾ ਸਕੱਤਰੇਤ ਨੇ ਇਕ ਪੱਤਰ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ, ਜਿਸ ਦੇ ਨਾਲ ਹੀ ਲੋਕ ਸਭਾ ਦੀ ਵੈੱਬਸਾਈਟ ਤੋਂ ਰਾਹੁਲ ਦਾ ਨਾਂ ਵੀ ਹਟਾ ਦਿੱਤਾ ਗਿਆ ਸੀ। ਰਾਹੁਲ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਸਨ। 2019 ‘ਚ ਰਾਹੁਲ ਨੇ ਕਰਨਾਟਕ ਵਿਧਾਨ ਸਭਾ ‘ਚ ਮੋਦੀ ਸਰਨੇਮ ਨੂੰ ਲੈ ਕੇ ਬਿਆਨ ਦਿੱਤਾ ਸੀ।