ਜਲੰਧਰ| ਜਲੰਧਰ ਸ਼ਹਿਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਕਾਂਗਰਸੀ ਆਗੂ ਦੇ ਪੁੱਤਰ ਦੀ ਲਾਸ਼ ਉਸੇ ਦੀ ਗੱਡੀ ਵਿਚੋਂ ਮਿਲੀ। ਉਕਤ ਕਾਂਗਰਸੀ ਨੇਤਾ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਮਾਮਲੇ ਵਿਚ ਇਕ ਗ੍ਰਿਫਤਾਰੀ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਾਂਗਰਸ ਪਾਰਟੀ ਦੇ ਨੇਤਾ ਕਮਲਜੀਤ ਕੌਰ ਮੁਲਤਾਨੀ ਵਾਸੀ ਰਾਜਾ ਗਾਰਡਨ ਨੇ ਦੱਸਿਆ ਕਿ ਉਸਦੇ ਪੁੱਤਰ ਨੂੰ 4 ਅਪ੍ਰੈਲ ਨੂੰ ਇਕ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਤਿਆਰ ਹੋ ਕੇ 12 ਵਜੇ ਆਪਣੀ ਗੱਡੀ ਵਿਚ ਘਰੋਂ ਨਿਕਲ ਗਿਆ। ਅਗਲੀ ਸਵੇਰ ਉਨ੍ਹਾਂ ਦੇ ਘਰ ਪਰਮਜੀਤ ਕੌਰ ਵਾਸੀ ਪੰਜਾਬ ਐਵੇਨਿਊ ਤੇ ਉਸਦਾ ਪੁੱਤਰ ਆਏ ਤੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।
ਕਮਲਜੀਤ ਕੌਰ ਆਪਣੀ ਧੀ ਨਾਲ ਕੰਟਰੀ ਰੋਡ ਪਹੁੰਚੀ ਤੇ ਵੇਖਿਆ ਕਿ ਉਸਦੇ ਪੁੱਤਰ ਦੀ ਲਾਸ਼ ਗੱਡੀ ਵਿਚ ਪਈ ਸੀ, ਜੋ ਡਰਾਈਵਰ ਦੀ ਨਾਲ ਵਾਲੀ ਸੀਟ ਉਤੇ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸਦੇ ਪੁੱਤਰ ਦਾ ਕਤਲ ਲਵਪ੍ਰੀਤ ਸਿੰਘ ਨੇ ਕੀਤਾ ਹੈ। ਲਵਪ੍ਰੀਤ ਨੇ ਉਨ੍ਹਾਂ ਦੇ ਪੁੱਤਰ ਨੂੰ ਕੋਈ ਜਹਿਰੀਲਾ ਪਦਾਰਥ ਦਿੱਤਾ ਹੈ। ਥਾਣਾ ਨੰਬਰ 7 ਦੀ ਪੁਲਿਸ ਨੇ ਲਵਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਦੇ ਕਾਰਨਾਂ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।