ਰੋਪੜ ‘ਚ ਸਿਆਸੀ ਰੰਜਿਸ਼ ਕਾਰਨ ਕਾਂਗਰਸੀ ਕੌਂਸਲਰ ਦੇ ਦਿਓਰ ਦਾ ਕਤਲ, 4 ਜ਼ਖਮੀ

0
588

ਨਵਾਂ ਸ਼ਹਿਰ/ਰੋਪੜ | ਰੋਪੜ ਸ਼ਹਿਰ ਦੇ ਸਦਾਬਰਤ ਮੁਹੱਲੇ ਨੇੜੇ ਹੋਈ ਲੜਾਈ ‘ਚ ਇੱਕ ਕਾਂਗਰਸੀ ਕਾਊਂਸਰ ਦੇ ਦਿਓਰ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 1 ਤੋਂ ਮਹਿਲਾ ਕਾਂਗਰਸੀ ਕੌਂਸਲਰ ਨੀਲਮ ਅਤੇ ਅਕਾਲੀ ਦਲ ਦੇ ਸਮਰਥਕ ਭੋਲਾ ਸਿੰਘ ਦੇ ਪਰਿਵਾਰ ਦਰਮਿਆਨ ਸਿਆਸੀ ਰੰਜਿਸ਼ ਨੂੰ ਲੈ ਕੇ ਕਈ ਵਾਰ ਲੜਾਈਆਂ ਹੋ ਚੁੱਕੀਆਂ ਹਨ।

ਨਗਰ ਕੌਂਸਲ ਚੋਣਾਂ ਦੌਰਾਨ ਵੀ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ। ਇਸ ‘ਚ ਕਈ ਲੋਕ ਜ਼ਖਮੀ ਹੋ ਗਏ। ਮੰਗਲਵਾਰ ਨੂੰ ਵੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ। ਇਸ ਲੜਾਈ ਵਿੱਚ ਕਾਂਗਰਸੀ ਕੌਂਸਲਰ ਨੀਲਮ ਦੇ ਦਿਓਰ ਪੁਨੀਤ ਪੁੱਤਰ ਜਨਕ ਸਿੰਘ ਦੀ ਮੌਤ ਹੋ ਗਈ, ਜਦਕਿ ਅਸ਼ੋਕ ਸਿੰਘ, ਸੰਨੀ ਸਿੰਘ, ਹੈਪੀ ਅਤੇ ਰਾਜਾ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਸਰਕਾਰੀ ਹਸਪਤਾਲ ਪੁੱਜੇ। ਇੱਥੇ ਵੀ ਦੋਵਾਂ ਧਿਰਾਂ ਦੀਆਂ ਔਰਤਾਂ ਵਿਚਾਲੇ ਹੱਥੋਪਾਈ ਹੋ ਗਈ। ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਅਤੇ ਕਾਂਗਰਸੀ ਕੌਂਸਲਰ ਅਮਰਜੀਤ ਸਿੰਘ ਜੋਲੀ ਨੇ ਕਿਹਾ ਕਿ ਹਸਪਤਾਲ ਦੀ ਐਮਰਜੈਂਸੀ ਵਿੱਚ ਪੁਨੀਤ ਦਾ ਸਮੇਂ ਸਿਰ ਇਲਾਜ ਨਹੀਂ ਹੋਇਆ। ਇਸੇ ਕਾਰਨ ਉਸ ਦੀ ਮੌਤ ਹੋ ਗਈ।

ਜੌਲੀ ਨੇ ਦੱਸਿਆ ਕਿ ਐਮਰਜੈਂਸੀ ਵਿੱਚ ਆਉਣ ਵਾਲੇ ਜ਼ਿਆਦਾਤਰ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਜਾਂਦਾ ਹੈ ਅਤੇ ਇੱਥੇ ਇਲਾਜ ਨਹੀਂ ਕਰਵਾਇਆ ਜਾਂਦਾ। ਦੂਜੇ ਪਾਸੇ ਡਾਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਐਮਰਜੈਂਸੀ ’ਚ 500 ਲੋਕਾਂ ਨੇ ਪਹੁੰਚ ਕੇ ਹੰਗਾਮਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਭੀੜ ਨੇ ਇੱਕ ਦੂਜੇ ‘ਤੇ ਹਮਲਾ ਕੀਤਾ। ਔਰਤਾਂ ਦੇ ਹੱਥਾਂ ਵਿੱਚ ਤਿੱਖੀਆਂ ਚੀਜ਼ਾਂ ਸਨ। ਬਹੁਤ ਸਾਰੇ ਲੋਕ ਜ਼ਖਮੀ ਹੋਏ ਜਦੋਂ ਕਿ ਮੈਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਡੀਐਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।