ਲੋਕਾਂ ਨੂੰ ਵਹਿਮਾਂ-ਭਰਮਾਂ ‘ਚੋਂ ਕੱਢਣ ਲਈ ਸਾਇੰਸ ਸਿਟੀ ‘ਚ ਵੈਬੀਨਾਰ ਕਰਵਾਇਆ, 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ

0
2763

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਚ ਵਿਗਿਆਨ ਪੱਤਰਕਾਰੀ ‘ਤੇ ਵੈਬੀਨਾਰ ਕਰਵਾਇਆ। ਵੈਬੀਨਾਰ ਵਿਚ ਲੋਕਾਂ ਦੇ ਵਹਿਮ-ਭਰਮ ਦੂਰ ਕਰਨ ਲਈ ਗੱਲਬਾਤ ਕੀਤੀ ਗਈ। ਪੱਤਰਕਾਰੀ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵੈਬਨਾਰ ਦਾ ਉਦੇਸ਼ ਵਿਗਿਆਨਕ ਪੱਤਰਕਾਰੀ ਨਾਲ ਆਮ ਲੋਕਾਂ ਵਿਚੋਂ ਵਹਿਮ-ਭਰਮ ਨੂੰ ਕੱਢਣਾ ਹੈ।

ਡਾ. ਮੁਕਲ ਪਰਾਸ਼ਰ ਡਾਇਰੈਕਟਰ ਵਿਗਿਆਨ ਪ੍ਰਸਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਗਿਆਨਕ ਪੱਤਰਕਾਰੀ ਵਿਗਿਆਨ ਪ੍ਰਤੀ ਗਿਆਨ ਦੀ ਇਕ ਅਜਿਹੀ ਕੁੰਜੀ ਹੈ, ਜਿਸ ਨਾਲ ਇਕ ਆਮ ਆਦਮੀ ਵੀ ਵਿਗਿਆਨ ਨੂੰ ਅਸਾਨੀ ਨਾਲ ਸਮਝ ਸਕਦਾ ਹੈ।

ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਵਿਦਿਆਰਥੀਆਂ ਨੂੰ ਕਿਹਾ ਵਿਗਿਆਨਕ ਪੱਤਰਕਾਰੀ ਦਾ ਭਾਰਤ ਵਿਚ ਹੋਲੀ-ਹੋਲੀ ਵਿਕਾਸ ਹੋ ਰਿਹਾ ਹੈ। ਬੀਤੇ ਕੁਝ ਵਰ੍ਹਿਆਂ ਵਿਚ ਬਹੁਤ ਸਾਰੇ ਨਵੇਂ-ਨਵੇਂ ਮੈਗਜ਼ੀਨ, ਟੀ.ਵੀ ਚੈਨਲ,ਅਤੇ ਰੇਡਿਓ ਪ੍ਰੋਗਰਾਮ ਆਏ ਹਨ। ਇਸ ਤੋਂ ਬਾਅਦ ਵੀ ਬਹੁਤ ਕੁਝ ਹੋਣਾ ਬਾਕੀ ਹੈ।

ਡਾ. ਰਿੰਟੂ ਨਾਥ ਨੇ ਦੱਸਿਆ ਕਿ ਮੀਡੀਆਂ ਵਿਚ ਵਿਗਿਆਨ ਦੀ ਕਵਰੇਜ਼ ਬਹੁਤ ਘੱਟ ਹੈ ਤੇ ਇਸ ਨੂੰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨਕ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਯਤਨਾਂ ਜਿਵੇਂ ਕਿ ਵਿਗਿਆਨ ਮੁੱਦਿਆਂ ‘ਤੇ ਹੋਏ ਪ੍ਰੋਗਰਾਮਾਂ ਦੀ ਕਵਰੇਜ਼ ਦੇ ਸਦਕਾ ਪਹਿਲਾਂ ਦੇ ਮੁਕਾਬਲੇ ਵਿਗਿਆਨਕ ਕਵਰੇਜ਼ ਵਿਚ ਕੁਝ ਵਾਧਾ ਜ਼ਰੂਰ ਹੋਇਆ ਹੈ।

ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਅੰਜੂ ਅਗਨੀਹੋਤਰੀ ਨੇ ਬੱਚਿਆਂ ਨੂੰ ਕਿਹਾ ਕਿ ਕੁੱਝ ਵਿਗਿਆਨਕ ਚੈਨਲਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਜੇਕਰ ਫ਼ੀਚਰ, ਖਬਰ ਤੇ ਆਰਟੀਕਲ ਚੰਗੇ ਤੇ ਯੋਜਨਾਬੱਧ ਤਰੀਕੇ ਨਾਲ ਬਣਾਇਆ ਜਾਵੇ ਤਾਂ ਉਹ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ  ਖਿੱਚਦਾ ਹੈ।

ਆਖਰ ‘ਚ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਭਾਰਤੀ ਸੰਵਿਧਾਨ ਦਾ ਹਵਾਲਾ ਦਿੰਦਿਆਂ ਬੋੋਲੇ ਕਿ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੀ ਹਾਮੀ ਭਰਦਾ ਹੈ।