ਠੰਡੀਆਂ ਹਵਾਵਾਂ ਨੇ ਠਾਰਿਆ ਪੰਜਾਬ, ਧੁੰਦ-ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ

0
2697

ਲੁਧਿਆਣਾ, 22 ਜਨਵਰੀ| ਨਵੇਂ ਸਾਲ ਦੇ 20 ਦਿਨ ਬਾਅਦ ਵੀ ਪੰਜਾਬ ਨੂੰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਤੋਂ ਰਾਹਤ ਨਹੀਂ ਮਿਲ ਰਹੀ ਹੈ। ਐਤਵਾਰ ਸਵੇਰੇ ਕਈ ਜ਼ਿਲ੍ਹਿਆਂ ਵਿਚ ਧੁੰਦ ਛਾਈ ਰਹੀ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸਵੇਰ ਵੇਲੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਸੀ। ਮੌਸਮ ਵਿਭਾਗ ਨੇ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਇੱਕ ਵਾਰ ਫਿਰ ਰੈੱਡ ਅਲਰਟ ਜਾਰੀ ਕੀਤਾ ਹੈ।
ਠੰਡੀਆਂ ਹਵਾਵਾਂ ਅਤੇ ਧੁੱਪ ਦੀ ਘਾਟ ਕਾਰਨ ਦਿਨ ਭਰ ਠੰਡ ਛਾਈ ਰਹੀ।

ਦਸ ਸ਼ਹਿਰਾਂ ਵਿਚ ਦਿਨ ਦਾ ਤਾਪਮਾਨ ਦਸ ਡਿਗਰੀ ਸੈਲਸੀਅਸ ਵਿਚਕਾਰ ਰਿਹਾ। ਐਸਬੀਐਸ ਨਗਰ ਸਭ ਤੋਂ ਠੰਡਾ ਰਿਹਾ, ਜਿੱਥੇ ਦਿਨ ਦਾ ਤਾਪਮਾਨ 8.5 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 3.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦਾ ਤਾਪਮਾਨ ਆਮ ਨਾਲੋਂ ਨੌਂ ਡਿਗਰੀ ਘੱਟ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਘੱਟ ਸੀ।

ਚੰਡੀਗੜ੍ਹ, ਅੰਮ੍ਰਿਤਸਰ, ਮੁਹਾਲੀ ਅਤੇ ਰੂਪਨਗਰ ਵਿਚ ਵੱਧ ਤੋਂ ਵੱਧ ਤਾਪਮਾਨ ਨੌਂ ਡਿਗਰੀ ਦਰਜ ਕੀਤਾ ਗਿਆ, ਜਦੋਂਕਿ ਪਟਿਆਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਮੋਗਾ ਵਿੱਚ ਦਿਨ ਦਾ ਤਾਪਮਾਨ ਦਸ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਸੱਤ ਤੋਂ ਅੱਠ ਡਿਗਰੀ ਸੈਲਸੀਅਸ ਘੱਟ ਰਿਹਾ ਜਦੋਂਕਿ ਰਾਤ ਦਾ ਤਾਪਮਾਨ ਇੱਕ ਤੋਂ ਦੋ ਡਿਗਰੀ ਸੈਲਸੀਅਸ ਵੱਧ ਰਿਹਾ।