ਪੰਜਾਬ ’ਚ 2 ਦਿਨਾਂ ਬਾਅਦ ਸ਼ੀਤ ਲਹਿਰ ਹੋਵੇਗੀ ਚਾਲੂ, ਕੜਾਕੇ ਦੀ ਠੰਡ ਸਹਿਣ ਲਈ ਰਹੋ ਤਿਆਰ

0
23459

ਲੁਧਿਆਣਾ | ਪੰਜਾਬ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਸਹਿਣ ਲਈ ਤਿਆਰ ਰਹਿਣਾ ਹੋਵੇਗਾ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਯੈਲੋ ਅਲਰਟ ਦੀ। ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਅੱਜ ਜਾਰੀ ਕੀਤੀ ਗਈ ਭਵਿੱਖਬਾਣੀ ਅਨੁਸਾਰ 15 ਦਸੰਬਰ ਤੋਂ ਪੰਜਾਬ ਦਾ ਮੌਸਮ ਬਦਲ ਜਾਵੇਗਾ ਤੇ 16 ਤੋਂ 18 ਦਸੰਬਰ ਤਕ ਸ਼ੀਤ ਲਹਿਰ ਚੱਲੇਗੀ, ਜਿਸ ਨਾਲ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਡਿੱਗੇਗਾ। ਮੌਸਮ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨ ਸਿੰਘ ਅਨੁਸਾਰ ਉੱਤਰ-ਪੱਛਮੀ ਹਵਾਵਾਂ ਚੱਲਣ ਕਾਰਨ ਸ਼ੀਤ ਲਹਿਰ ਨਾਲ ਪੰਜਾਬ ਠੁਰ-ਠੁਰ ਕਰੇਗਾ।

ਇਹ ਹਵਾਵਾਂ ਠੰਡੀਆਂ ਤੇ ਖ਼ੁਸ਼ਕ ਹੁੰਦੀਆਂ ਹਨ, ਇਸ ਕਾਰਨ ਤਾਪਮਾਨ ’ਚ ਗਿਰਾਵਟ ਆਏਗੀ। ਹਾਲਾਂਕਿ ਦੋ ਦਿਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਅੱਜ ਪੰਜਾਬ ’ਚ ਗੁਰਦਾਸਪੁਰ ਤੇ ਹੁਸ਼ਿਆਰਪੁਰ ਸਭ ਤੋਂ ਠੰਡੇ ਰਹੇ ਜਿਥੇ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰੋਪੜ ਦਾ ਪਾਰਾ 5.8 ਡਿਗਰੀ ਸੀ ਜਦਕਿ ਲੁਧਿਆਣੇ ਦਾ ਤਾਪਮਾਨ 11.6 ਡਿਗਰੀ, ਪਟਿਆਲੇ ਦਾ 10.4, ਜਲੰਧਰ ਦਾ 9.9 ਤੇ ਅੰਮ੍ਰਿਤਸਰ ਦਾ ਤਾਪਮਾਨ 8.8 ਡਿਗਰੀ ਰਿਹਾ।