ਪੰਜਾਬ ‘ਚ ਠੰਡ ਨੇ ਠਾਰੇ ਲੋਕ : ਧੁੰਦ ਨੂੰ ਲੈ ਕੇ ਮੌਸਮ ਵਿਭਾਗ ਦਾ ਫਿਰ ਅਲਰਟ

0
3871

ਚੰਡੀਗੜ੍ਹ, 24 ਦਸੰਬਰ| ਮੌਸਮ ਕੇਂਦਰ ਚੰਡੀਗੜ੍ਹ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਵਿੱਚ ਫਿਰ ਤੋਂ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸਵੇਰੇ 9 ਵਜੇ ਤੱਕ ਲੁਧਿਆਣਾ, ਪਟਿਆਲਾ, ਜਲੰਧਰ, ਰੋਪੜ, ਹੁਸ਼ਿਆਰਪੁਰ, ਪਠਾਨਕੋਟ, ਮੋਗਾ, ਬਠਿੰਡਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੇਗੀ।

ਅਜਿਹੇ ‘ਚ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਬਹੁਤ ਜ਼ਿਆਦਾ ਧੁੰਦ ਵਿੱਚ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਹਾਲਾਂਕਿ ਸਵੇਰੇ 10 ਵਜੇ ਤੋਂ ਬਾਅਦ ਜ਼ਿਆਦਾਤਰ ਜ਼ਿਲਿਆਂ ‘ਚ ਧੁੰਦ ਹਟ ਜਾਵੇਗੀ ਅਤੇ ਧੁੱਪ ਨਿਕਲਣ ਨਾਲ ਮੌਸਮ ਸਾਫ ਹੋ ਜਾਵੇਗਾ। ਵਿਭਾਗ ਦੀ ਭਵਿੱਖਬਾਣੀ ਮੁਤਾਬਕ 27 ਦਸੰਬਰ ਤੋਂ ਧੁੰਦ ਵਿੱਚ ਕਮੀ ਆਵੇਗੀ ਪਰ ਘੱਟੋ-ਘੱਟ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕਈ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੇ ਵਿਚਕਾਰ ਡਿੱਗ ਸਕਦਾ ਹੈ। ਦੂਜੇ ਪਾਸੇ ਐਤਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਵੇਰੇ ਹਲਕੀ ਤੋਂ ਦਰਮਿਆਨੀ ਧੁੰਦ ਛਾਈ ਰਹੀ।  ਇਸ ਤੋਂ ਇਲਾਵਾ ਦਿਨ ਵੇਲੇ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ। ਜਿਸ ਵਿੱਚ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਕੁਝ ਸਮੇਂ ਲਈ ਹੀ ਸੂਰਜ ਨਿਕਲਿਆ।

ਵਿਭਾਗ ਅਨੁਸਾਰ ਬਠਿੰਡਾ ਸਭ ਤੋਂ ਠੰਡਾ ਰਿਹਾ। ਜਿੱਥੇ ਘੱਟੋ-ਘੱਟ ਤਾਪਮਾਨ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਮੋਗਾ ‘ਚ 6.1 ਡਿਗਰੀ, ਅੰਮ੍ਰਿਤਸਰ ‘ਚ 6.2 ਡਿਗਰੀ, ਲੁਧਿਆਣਾ ‘ਚ 6.6 ਡਿਗਰੀ ਸੈਲਸੀਅਸ, ਜਲੰਧਰ ਤੇ ਪਟਿਆਲਾ ‘ਚ 7.2 ਡਿਗਰੀ, ਰੋਪੜ ‘ਚ 7.1 ਡਿਗਰੀ, ਪਠਾਨਕੋਟ ‘ਚ 7.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।