ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਤੇ ਹੋਈ ਗੜੇਮਾਰੀ , ਅਗਲੇ ਦਿਨਾਂ ‘ਚ ਠੰਢ ਵੱਧਣ ਦੇ ਆਸਾਰ

0
4305

ਚੰਡੀਗੜ੍ਹ | ਦੀਵਾਲੀ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਪੰਜਾਬ ਵਿਚ ਕਈ ਥਾਈਂ ਮੀਂਹ ਤੇ ਤੇਜ਼ ਹਵਾਵਾਂ ਨਾਲ ਪਾਰ ਹੇਠਾਂ ਡਿੱਗਾ ਹੈ। ਕਈ ਜਗ੍ਹਾ ਗੜੇਮਾਰੀ ਵੀ ਹੋਈ ਹੈ। ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਮੀਂਹ ਤੇ ਤੂਫਾਨ ਵੇਖਣ ਨੂੰ ਮਿਲਿਆ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਹੋਈ ਜਿਸ ਨੇ ਘੱਟੋ -ਘੱਟ ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਦੀ ਗਿਰਾਵਟ ਲਿਆਂਦੀ। ਇਹਨਾਂ ਗੜਿਆਂ ਨਾਲ ਹੁਣ ਠੰਢ ਵੱਧਣ ਦੇ ਆਸਾਰ ਵੱਧ ਹਨ।

ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ ਤੇ ਪੰਚਕੁਲਾ ਵਿੱਚ ਵੀ ਮੀਂਹ ਪਿਆ। ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼ ਨੇ ਕਣਕ ਬੀਜਣ ਵਾਲੇ ਕਿਸਾਨਾਂ ਲਈ ਖੁਸ਼ਹਾਲੀ ਲਿਆਂਦੀ ਹੈ, ਖਾਸਕਰ ਜਿਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਆਪਣੀ ਫਸਲ ਬੀਜੀ ਸੀ। ਇਸ ਤੋਂ ਇਲਾਵਾ ਇਹ ਮੀਂਹ ਉਨ੍ਹਾਂ ਕਿਸਾਨਾਂ ਲਈ ਵੀ ਲਾਭਕਾਰੀ ਹੈ ਜਿਨ੍ਹਾਂ ਨੇ ਹਾਲੇ ਕਣਕ ਜਾਂ ਹਾੜ੍ਹੀ ਦੀਆਂ ਫਸਲਾਂ ਤੇ ਪਸ਼ੂਆਂ ਲਈ ਚਾਰੇ ਬੀਜਣਾ ਹੈ।

ਐਤਵਾਰ ਨੂੰ ਚੰਡੀਗੜ, ਜਲੰਧਰ, ਰੋਪੜ, ਬਰਨਾਲਾ, ਅੰਮ੍ਰਿਤਸਰ, ਲੁਧਿਆਣਾ, ਮੁਹਾਲੀ, ਮਾਨਸਾ, ਬਠਿੰਡਾ, ਮੋਗਾ, ਮੰਡੀ ਗੋਬਿੰਦਗੜ੍ਹ ਸਮੇਤ ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਵਿੱਚ ਵੀ ਮੀਂਹ ਪਿਆ।ਹਰਿਆਣਾ ਦੇ ਹਿਰਾਸ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ।